ਹਾਰਦਿਕ ਪੰਡਯਾ: ਅਸੀਂ 10 ਓਵਰਾਂ ਤੋਂ ਬਾਅਦ ਮੌਕੇ ਨੂੰ ਗੁਆ ਦਿੱਤਾ

ਹਾਰਦਿਕ ਪੰਡਯਾ ਨੇ ਟੀ-20 ਸੀਰੀਜ਼ ਦੇ ਨਿਰਣਾਇਕ ਮੈਚ ਵਿੱਚ 18 ਗੇਂਦਾਂ ’ਚ 14 ਦੌੜਾਂ ਬਣਾਈਆਂ

ਵੈਸਟਇੰਡੀਜ਼ ਤੋਂ ਭਾਰਤ ਦੀ ਟੀ-20 ਸੀਰੀਜ਼ ਦੀ ਹਾਰ ਤੋਂ ਬਾਅਦ ਭਾਰਤ ਦੇ ਟੀ-20 ਆਈ ਕਪਤਾਨ ਹਾਰਦਿਕ ਪੰਡਯਾ ਨੇ ਇਮਾਨਦਾਰੀ ਨਾਲ ਹਾਰ ਨੂੰ ਸਵੀਕਾਰ ਕੀਤਾ ਹੈ। ਟੀ-20 ਆਈ ਕਪਤਾਨ ਹਾਰਦਿਕ ਪੰਡਯਾ ਦੀ ਜਿੱਤ ਦੀ ਦੌੜ ਦਾ ਅੰਤ ਉਸ ਵਕਤ ਹੋ ਗਿਆ ਜਦੋਂ ਭਾਰਤ ਨੇ ਆਖਰੀ ਅਤੇ ਪੰਜਵਾਂ ਟੀ-20 ਮੈਚ ਵੈਸਟਇੰਡੀਜ਼ ਹੱਥੋਂ 8 ਵਿਕਟਾਂ ਨਾਲ ਹਾਰਿਆ। ਇਸ ਹਾਰ ਦੇ ਨਤੀਜੇ ਵਜੋਂ ਭਾਰਤ ਇਹ ਸੀਰੀਜ਼ ਵੀ 3-2 ਨਾਲ ਹਾਰ ਗਿਆ। ਰੋਮੀਓ ਸ਼ੈਫਰਡ ਅਤੇ ਬ੍ਰੈਂਡਨ ਕਿੰਗ ਨੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਦੇ ਟਰਫ ਵਾਲੇ ਮੈਦਾਨ ‘ਤੇ ਮੇਜ਼ਬਾਨ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

ਹਾਰਦਿਕ ਪੰਡਯਾ ਦੀ ਟੀਮ ਨੇ ਫਲੋਰਿਡਾ ਵਿਖੇ ਫਾਈਨਲ ਮੈਚ ਵਿੱਚ ਪਹੁੰਚਣ ਲਈ ਸੀਰੀਜ਼ ਨੂੰ 0-2 ਤੋਂ 2-2 ਨਾਲ ਬਰਾਬਰ ਕਰ ਲਿਆ ਸੀ। ਸੂਰਿਆਕੁਮਾਰ ਯਾਦਵ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਅਤੇ ਇਸ ਤਰਾਂ ਵੈਸਟਇੰਡੀਜ਼ ਨੇ ਸਾਰੀਆਂ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਲਈ ਪੰਡਯਾ ਦਾ ਸੱਦਾ ਗਲਤ ਲੱਗ ਰਿਹਾ ਸੀ ਕਿਉਂਕਿ ਭਾਰਤ ਨੇ 20 ਓਵਰਾਂ ਦੇ ਮੈਚ ਵਿੱਚ ਹੁਣ ਤੱਕ ਬਰਾਬਰੀ ਦੇ ਸਕੋਰ ਤੋਂ ਘੱਟ ਹੀ ਰਨ ਬਣਾਏ ਸਨ।

ਹਾਰਦਿਕ ਪੰਡਯਾ ਨੇ ਕਿਹਾ ਕਿ ਅਸੀਂ 10 ਓਵਰਾਂ ਤੋਂ ਬਾਅਦ ਮੌਕੇ ਨੂੰ ਗੁਆ ਦਿੱਤਾ। ਜਦ ਮੈਂ ਆਇਆ ਤਾਂ ਮੈਂ ਇਸ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ ਮੈਚ ਨੂੰ ਕਾਬੂ ਵਿੱਚ ਨਹੀਂ ਕਰ ਸਕਿਆ। ਹਾਰਦਿਕ ਪੰਡਯਾ ਨੇ ਟੀ-20 ਸੀਰੀਜ਼ ਦੇ ਨਿਰਣਾਇਕ ਮੈਚ ਵਿੱਚ 18 ਗੇਂਦਾਂ ਵਿੱਚ 14 ਦੌੜਾਂ ਬਣਾਈਆਂ ਸਨ। ਭਾਰਤੀ ਮੱਧ ਕ੍ਰਮ ਨੂੰ ਵੀ ਸੀਰੀਜ਼ ਦੇ ਨਿਰਣਾਇਕ ਮੈਚ ਵਿੱਚ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਉਸਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇੱਕ ਟੀਮ ਵਜੋਂ ਸਾਨੂੰ ਆਪਣੇ ਆਪ ਨੂੰ ਚੁਣੌਤੀ ਦੇਣੀ ਪਵੇਗੀ। ਸਾਡੇ ਲਈ ਇੱਕਾ-ਦੁੱਕਾ ਲੜੀ ਮਾਇਨੇ ਨਹੀਂ ਰੱਖਦੀ ਪਰ ਆਪਣੇ ਉਦੇਸ਼ ਪ੍ਰਤੀ ਵਚਨਬੱਧਤਾ ਕਾਫ਼ੀ ਮਹੱਤਵਪੂਰਨ ਹੈ।  

ਉਸ ਦੀ ਟੀਮ ਵਿੱਚ ਬੱਲੇਬਾਜ਼ਾਂ ਦੇ ਅਸਫਲ ਹੋਣ ਦੇ ਬਾਵਜੂਦ ਭਾਰਤ ਦੇ ਸਟਾਰ ਟੀ-20 ਆਈ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਜਦਕਿ ਤਿਲਕ ਵਰਮਾ ਵੀ ਬੱਲੇ ਨਾਲ ਚਮਕਿਆ। ਸੂਰਿਆ ਦੀਆਂ 45 ਗੇਂਦਾਂ ਵਿੱਚ 61 ਦੌੜਾਂ ਦੀ ਧਮਾਕੇਦਾਰ ਪਾਰੀ ਸਦਕਾ ਭਾਰਤ ਨੇ 20 ਓਵਰਾਂ ਵਿੱਚ 165/9 ਦੌੜਾਂ ਬਣਾਈਆਂ। ਪੰਡਯਾ ਨੇ ਅੱਗੇ ਕਿਹਾ ਕਿ ਸਾਹਮਣੇ ਰਸਤਾ ਬਹੁਤ ਲੰਬਾ ਹੈ। ਅਸੀਂ ਅੱਗੇ ਵਨਡੇ ਵਿਸ਼ਵ ਕੱਪ ਖੇਡਣਾ ਹੈ ਅਤੇ ਕੁਝ ਸਿੱਖਣ ਲਈ ਕਈ ਵਾਰ ਹਾਰਨਾ ਚੰਗਾ ਹੁੰਦਾ ਹੈ। ਜਿੱਤਣਾ ਅਤੇ ਹਾਰਨਾ ਇੱਕ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਅਸੀਂ ਇਹ ਯਕੀਨੀ ਬਣਾਉਣ ਜਾ ਰਹੇ ਹਾਂ ਕਿ ਅਸੀਂ ਇਸ ਹਾਰ ਤੋਂ ਕੁਝ ਸਿੱਖੀਏ।