ਕੇਂਦਰ ਨੇ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰਾਂ ਵਿਰੁੱਧ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਸੱਟੇਬਾਜ਼ੀ ਸਬੰਧੀ ਦਿਸ਼ਾ ਨਿਰਦੇਸ਼ ਏਸ਼ੀਆ ਕੱਪ ਕ੍ਰਿਕਟ ਅਤੇ ਵਿਸ਼ਵ ਕੱਪ 2023 ਤੋਂ ਪਹਿਲਾਂ ਕੀਤੇ ਜਾਰੀ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਮੀਡੀਆ ਇਕਾਈਆਂ, ਇਸ਼ਤਿਹਾਰ ਵਿਚੋਲਿਏ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਕਿਸੇ ਵੀ ਰੂਪ ਵਿਚ ਸੱਟੇਬਾਜ਼ੀ ਜਾਂ ਜੂਏ ਸਬੰਧੀ ਇਸ਼ਤਿਹਾਰ ਜਾਂ ਕੋਈ ਵੀ ਪ੍ਰਚਾਰਕ ਸਮੱਗਰੀ ਦਿਖਾਉਣ ਤੋਂ ਤੁਰੰਤ ਪਰਹੇਜ਼ ਕਰਨ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਸ ਮਾਮਲੇ ਤੋਂ ਜਾਣੂ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਣਗਹਿਲੀ ਕਰਨਾ ਭਾਰਤ ਸਰਕਾਰ ਦੁਆਰਾ ਵੱਖ-ਵੱਖ ਕਾਨੂੰਨਾਂ ਤਹਿਤ ਉਚਿਤ ਕਾਰਵਾਈ ਨੂੰ ਸੱਦਾ ਦੇ ਸਕਦੀ ਹੈ।

ਕੇਂਦਰ ਨੇ ਦੇਖਿਆ ਹੈ ਕਿ ਕ੍ਰਿਕਟ ਮੈਚਾਂ ਅਤੇ ਹੋਰ ਪ੍ਰਮੁੱਖ ਖੇਡ ਸਮਾਗਮਾਂ ਦੌਰਾਨ ਸੱਟੇਬਾਜ਼ੀ ਅਤੇ ਜੂਏ ਦੇ ਪਲੇਟਫਾਰਮਾਂ ਦਾ ਪ੍ਰਚਾਰ ਸਿਖਰ ‘ਤੇ ਸੀ ਅਤੇ ਮੀਡੀਆ ਸੰਗਠਨਾਂ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਜਿਹੇ ਇਸ਼ਤਿਹਾਰ ਦਿਖਾਉਣ ਤੋਂ ਬਚਣ ਲਈ ਚੇਤਾਵਨੀ ਦਿੱਤੀ ਗਈ।

ਸਲਾਹਕਾਰ ਬਾਡੀ ਨੇ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਕਿਸੇ ਵੱਡੇ ਖੇਡ ਸਮਾਗਮ ਖਾਸ ਤੌਰ ‘ਤੇ ਕ੍ਰਿਕਟ ਦੌਰਾਨ ਅਜਿਹੇ ਸੱਟੇਬਾਜ਼ੀ ਅਤੇ ਜੂਏਬਾਜ਼ੀ ਸਬੰਧੀ ਇਸ਼ਤਿਹਾਰਾਂ ਨੂੰ ਪਲੇਟਫਾਰਮਾਂ ਦੁਆਰਾ ਉਤਸ਼ਾਹਿਤ ਕਰਨ ਦਾ ਰੁਝਾਨ ਹੈ ਅਤੇ ਅਜਿਹਾ ਹੀ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਈਵੈਂਟ ਹੁਣ ਤੋਂ ਕੁਝ ਦਿਨਾਂ ਬਾਅਦ ਸ਼ੁਰੂ ਹੋ ਰਿਹਾ ਹੈ। ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਲੀਗ ਅਤੇ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ 2023 ਤੋਂ ਪਹਿਲਾਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਹਨਾਂ ਦਿਸ਼ਾ ਨਿਰਦੇਸ਼ਾ ਦਾ ਕਾਰਨ ਜੂਏ ਦੇ ਉਪਭੋਗਤਾਵਾਂ ਵੱਲੋਂ ਕਾਫ਼ੀ ਪੈਸਾ ਇਕੱਠਾ ਕਰਨ ਵਾਲੇ ਏਜੰਟਾਂ ਦੇ ਨੈਟਵਰਕ ਵਿਰੁੱਧ ਕੇਂਦਰ ਸਰਕਾਰ ਦੀ ਕਾਰਵਾਈ ਦੇ ਪਿਛੋਕੜ ਵਿੱਚ ਦੇਖਿਆ ਜਾ ਸਕਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੂਏ/ਸੱਟੇਬਾਜ਼ੀ ਦੇ ਪਲੇਟਫਾਰਮਾਂ ਦੇ ਅਜਿਹੇ ਇਸ਼ਤਿਹਾਰ ਇੱਕ ਮਹੱਤਵਪੂਰਨ ਵਿੱਤੀ ਅਤੇ ਸਮਾਜਿਕ-ਆਰਥਿਕ ਜੋਖਮ ਪੈਦਾ ਕਰਦੇ ਹਨ। ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਕਈ ਗੈਰ-ਕਾਨੂੰਨੀ ਕੰਮ ਹੁੰਦੇ ਹਨ, ਨਾਲ ਹੀ ਅਜਿਹੇ ਇਸ਼ਤਿਹਾਰਾਂ ਦੇ ਭੁਗਤਾਨ ਲਈ ਕਾਲੇ ਧਨ ਦੀ ਵਰਤੋਂ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਵਿਧੀ ਦੇ ਮਨੀ ਲਾਂਡਰਿੰਗ ਨੈਟਵਰਕ ਨਾਲ ਸਬੰਧ ਹਨ, ਜਿਸ ਨਾਲ ਦੇਸ਼ ਦੀ ਵਿੱਤੀ ਸੁਰੱਖਿਆ ਨੂੰ ਖਤਰਾ ਹੈ। ਇਸ ਮੰਤਵ ਲਈ, ਮੰਤਰਾਲੇ ਨੇ ਨੋਟ ਕੀਤਾ ਹੈ ਕਿ ਇਸ਼ਤਿਹਾਰ ਵਿਚੋਲਿਏ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਕੁਝ ਮੀਡੀਆ ਇਕਾਈਆਂ, ਕ੍ਰਿਕਟ ਟੂਰਨਾਮੈਂਟਾਂ ਸਮੇਤ ਵੱਡੇ ਖੇਡ ਸਮਾਗਮਾਂ ਦੌਰਾਨ ਸੱਟੇਬਾਜ਼ੀ ਅਤੇ ਜੂਏ ਦੇ ਪਲੇਟਫਾਰਮਾਂ ਦੇ ਸਿੱਧੇ ਅਤੇ ਅਸਿੱਧੇ ਇਸ਼ਤਿਹਾਰਾਂ ਦੀ ਇਜਾਜ਼ਤ ਦੇ ਰਹੀਆਂ ਹਨ, ਜੋ ਠੀਕ ਨਹੀਂ ਹੈ।

1867 ਦਾ ਪਬਲਿਕ ਗੈਂਬਲਿੰਗ ਐਕਟ ਕਹਿੰਦਾ ਹੈ ਕਿ ਕੋਈ ਵੀ ਜੂਆ ਖੇਡਣਾ ਜਿਸ ਵਿੱਚ ਪੈਸੇ ਲਗਾਉਣ ਜਾਂ ਪੈਸੇ ਲਈ ਸੱਟੇਬਾਜ਼ੀ ਜਾਂ ਕੋਈ ਹੋਰ ਅਜਿਹੀ ਕਾਰਵਾਈ ਸ਼ਾਮਲ ਹੁੰਦੀ ਹੈ ਤਾਂ ਉਹ ਗੈਰ ਕਾਨੂੰਨੀ ਹੁੰਦੀ ਹੈ।

ਇਸ ਲਈ ਸੱਟੇਬਾਜ਼ੀ ਅਤੇ ਜੂਆ ਖੇਡਣਾ ਇੱਕ ਗੈਰ-ਕਾਨੂੰਨੀ ਗਤੀਵਿਧੀ ਹੈ ਅਤੇ ਅਜਿਹੇ ਵਿੱਚ ਕਿਸੇ ਵੀ ਮੀਡੀਆ ਪਲੇਟਫਾਰਮ ‘ਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਅਜਿਹੀਆਂ ਗਤੀਵਿਧੀਆਂ ਦੇ ਇਸ਼ਤਿਹਾਰ/ਪ੍ਰਚਾਰ ਆਦਿ ਵੱਖ-ਵੱਖ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ, ਜਿਸ ਵਿੱਚ ਖਪਤਕਾਰ ਸੁਰੱਖਿਆ ਐਕਟ 2019, ਪ੍ਰੈਸ ਕੌਂਸਲ ਐਕਟ 1978, ਆਦਿ ਸ਼ਾਮਲ ਹਨ।

ਪਬਲਿਕ ਗੈਂਬਲਿੰਗ ਐਕਟ ਇੱਕ ਕੇਂਦਰੀ ਕਾਨੂੰਨ ਹੈ ਜੋ ਜਨਤਕ ਗੇਮਿੰਗ ਹਾਊਸਾਂ ਨੂੰ ਚਲਾਉਣ ਜਾਂ ਸੰਚਾਲਨ ‘ਤੇ ਪਾਬੰਦੀ ਲਗਾਉਂਦਾ ਹੈ। ਇਸ ਐਕਟ ਦੇ ਤਹਿਤ ਕਾਨੂੰਨ ਦੀ ਉਲੰਘਣਾ ਕਰਨ ‘ਤੇ 200 ਰੁਪਏ ਦਾ ਜੁਰਮਾਨਾ ਜਾਂ ਤਿੰਨ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।