ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਵਪਾਰਕ ਗੈਸ ਦੀਆਂ ਕੀਮਤਾਂ ’ਚ ਵੀ ਆਈ ਕਮੀ

ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 158 ਰੁਪਏ ਦੀ ਕਟੌਤੀ

ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ ਸ਼ੁੱਕਰਵਾਰ ਨੂੰ 19 ਕਿਲੋਗ੍ਰਾਮ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ 19 ਕਿਲੋਗ੍ਰਾਮ ਦੇ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 158 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘਰੇਲੂ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕਰਨ ਤੋਂ ਕੁਝ ਦਿਨ ਬਾਅਦ ਹੋਇਆ ਹੈ।

ਇੰਡੀਅਨ ਆਇਲ ਕੰਪਨੀ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵਪਾਰਕ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ 158 ਰੁਪਏ ਪ੍ਰਤੀ 19 ਕਿਲੋਗ੍ਰਾਮ ਪਿੱਛੇ ਕੀਤੀ ਹੈ। ਇੰਡੀਅਨ ਆਇਲ ਦੀ ਮੌਜੂਦਾ ਕੀਮਤ 19 ਕਿਲੋਗ੍ਰਾਮ ਦੇ ਸਿਲੰਡਰ ਪਿੱਛੇ 1,522.50 ਰੁਪਏ ਹੈ। ਵਪਾਰਕ ਅਤੇ ਘਰੇਲੂ ਐੱਲਪੀਜੀ (ਤਰਲ ਪੈਟਰੋਲੀਅਮ ਗੈਸ) ਸਿਲੰਡਰਾਂ ਲਈ ਮਹੀਨਾਵਾਰ ਸੋਧਾਂ ਹਰ ਮਹੀਨੇ ਦੇ ਪਹਿਲੇ ਦਿਨ ਹੁੰਦੀਆਂ ਹਨ, ਇਹ ਨਵੀਆਂ ਦਰਾਂ ਹੁਣ 1 ਸਤੰਬਰ ਤੋਂ ਲਾਗੂ ਹਨ।  

ਇਸ ਤੋਂ ਪਹਿਲਾਂ ਅਗਸਤ ਵਿੱਚ ਵਪਾਰਕ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 99.75 ਰੁਪਏ ਦੀ ਕਟੌਤੀ ਕੀਤੀ ਗਈ ਸੀ। ਜਦਕਿ ਜੁਲਾਈ ਵਿੱਚ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 7 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਸ ਵਾਧੇ ਤੋਂ ਪਹਿਲਾਂ, ਵਪਾਰਕ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਦੋ ਵਾਰ ਕਟੌਤੀ ਇਸ ਸਾਲ ਦੇ ਮਈ ਅਤੇ ਜੂਨ ਵਿੱਚ ਕੀਤੀ ਗਈ ਸੀ। ਮਈ ਵਿੱਚ ਓਐਮਸੀ ਨੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 172 ਰੁਪਏ ਦੀ ਕਟੌਤੀ ਕੀਤੀ ਸੀ ਅਤੇ ਜੂਨ ਵਿੱਚ ਇਸ ਨੂੰ 83 ਰੁਪਏ ਘਟਾ ਦਿੱਤਾ ਗਿਆ ਸੀ। ਅਪ੍ਰੈਲ ‘ਚ ਵੀ ਇਨ੍ਹਾਂ ਦੀਆਂ ਕੀਮਤਾਂ 91.50 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਸਨ।

ਪਿਛਲੇ ਦੋ ਸਾਲਾਂ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਇਹ ਇੱਕ ਪ੍ਰਮੁੱਖ ਚੋਣ ਮੁੱਦਾ ਬਣ ਕੇ ਉੱਭਰਿਆ ਹੈ। ਕਾਂਗਰਸ ਪਾਰਟੀ ਨੇ ਐੱਲਪੀਜੀ ਦੀਆਂ ਉੱਚੀਆਂ ਕੀਮਤਾਂ ਦੇ ਮੁੱਦੇ ਦੀ ਵਰਤੋਂ ਕਰਨਾਟਕ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ, ਜਿਸ ਨੇ ਪਹਿਲਾਂ ਹੀ ਉੱਚੀ ਮਹਿੰਗਾਈ ਦੀ ਮਾਰ ਝੱਲ ਰਹੇ ਘਰਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਕੇਂਦਰ ਵੱਲੋਂ ਐੱਲਪੀਜੀ ਦੀਆਂ ਕੀਮਤਾਂ ਨੂੰ ਘਟਾਉਣ ਨਾਲ ਘਰਾਂ ‘ਤੇ ਵਧਦੀ ਮਹਿੰਗਾਈ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਸਤੀ ਐੱਲਪੀਜੀ ਦੇ ਵਾਅਦੇ ਦਾ ਮੁਕਾਬਲਾ ਕਰਨ ਵਜੋਂ ਇੱਕ ਕਦਮ ਵੀ ਹੈ।

ਇਸ ਦੌਰਾਨ ਕੇਂਦਰ ਸਰਕਾਰ ਨੇ ਤਰਲ ਪੈਟਰੋਲੀਅਮ ਗੈਸ (ਐੱਲਪੀਜੀ), ਤਰਲ ਪ੍ਰੋਪੇਨ ਅਤੇ ਤਰਲ ਬਿਊਟੇਨ ਦੇ ਆਯਾਤ ‘ਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀ ਵਿਕਾਸ ਲੇਵੀ ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਹੈ।

ਵੱਖਰੇ ਤੌਰ ‘ਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਦਿੱਲੀ ਵਿੱਚ ਜੈਟ ਈਂਧਨ ਦੀਆਂ ਕੀਮਤਾਂ 14% ਵਧਾ ਕੇ ₹1.12 lk/kl ਕਰ ਦਿੱਤੀਆਂ ਹਨ। ਪਿਛਲੇ ਦੋ ਮਹੀਨਿਆਂ ਵਿੱਚ ਇਹ ਲਗਭਗ 24% ਦਾ ਵਾਧਾ ਹੈ।