ਜਨਰੇਟਿਵ ਏਆਈ ’ਚ ਹੋ ਰਿਹਾ ਤੇਜ਼ੀ ਨਾਲ ਵਿਕਾਸ 

ਮੌਜੂਦਾ ਸਮੇਂ ਵਿੱਚ ਖਾਸ ਤੌਰ ਤੇ ਜਨਰੇਟਿਵ ਏਆਈ ਦਾ ਦਾਇਰਾ ਕਾਫ਼ੀ ਵਧ ਚੁੱਕਾ ਹੈ

ਮੌਜੂਦਾ ਦੌਰ ਤਕਨੀਕ ਦਾ ਦੌਰ ਹੈ। ਇਸ ਸਮੇਂ ਵਿੱਚ ਏਆਈ ਦੀ ਇੱਕ ਕਿਸਮ ਖਾਸ ਤੌਰ ਤੇ ਜਨਰੇਟਿਵ ਏਆਈ ਵੱਲ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਬੇਸ਼ੱਕ ਅੱਜ ਤਕਨੀਕੀ ਕੰਪਨੀਆਂ ਜਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ, ਸ਼ਾਇਦ ਹੀ ਕੋਈ ਦੂਜ਼ਾ ਸੈਕਟਰ ਹੋਵੇਗਾ ਜੋ ਅੱਜ ਇੰਨੀ ਤੇਜੀ ਨਾਲ ਤਰੱਕੀ ਕਰ ਰਿਹਾ ਹੋਣਾ। 

ਇਸ ਤੋਂ ਇਲਾਵਾ ਜੋ ਅੱਜ ਕੱਲ ਸਭ ਤੋਂ ਜਿਆਦਾ ਤਰੱਕੀ ਕਰ ਰਿਹਾ ਹੈ ਉਹ ਹੈ ਆਰਟੀਫਿਸ਼ਿਅਲ ਇੰਟੈਲੀਜੈਂਸ ਜਾਂ ਮਸ਼ਨੂਈ ਬੁੱਧੀ ਦਾ ਖੇਤਰ। ਹਰ ਚੀਜ਼ ਜਾਂ ਕੰਮ ਨੂੰ ਸੁਖਾਲੇ ਢੰਗ ਨਾਲ ਪੂਰਾ ਕਰਨ ਵਿੱਚ ਇਸਤੇਮਾਲ ਹੋਣ ਵਾਲੀ ਮਸ਼ਨੂਈ ਬੁੱਧੀ 21ਵੀਂ ਸਦੀ ਦਾ ਕਰਿਸ਼ਮਾ ਸਾਬਿਤ ਹੋ ਰਹੀ ਹੈ ਅਤੇ ਇਸ ਤੋਂ ਵੀ ਅੱਗੇ ਹੁਣ ਜਨਰੇਟਿਵ ਏਆਈ ਜੋ ਕਿ ਮਸਨੂਈ ਬੁਧੀ ਦੀ ਬਰਾਂਚ ਹੈ, ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਵੀ ਹੈ।

ਗੂਗਲ ਅਤੇ ਮੈਟਾ ਵਰਗੀਆਂ ਕੰਪਨੀਆਂ ਆਪਣੀ ਏਆਈ ਤਕਨੀਕਾਂ ਤੇਜ਼ੀ ਨਾਲ ਵਿਕਸਿਤ ਕਰ ਰਹੀਆਂ ਹਨ। ਇੱਕ ਪਾਸੇ ਜਿੱਥੇ ਏਆਈ ਸਾਡੀ ਜਿੰਦਗੀ ਨੂੰ ਸੁਖਾਲਾ ਬਣਾਉਣ ਦਾ ਕੰਮ ਕਰਦੀ ਹੈ, ਉੱਥੇ ਹੀ ਦੂਜ਼ੇ ਪਾਸੇ ਇਸ ਦੇ ਨਿਯਮ ਅਤੇ ਨੈਤਿਕ ਵਿਚਾਰ ਚਿੰਤਾ ਦਾ ਮਾਹੌਲ ਵੀ ਪੈਦਾ ਕਰ ਰਹੇ ਹਨ। ਸੁੱਖ ਅਤੇ ਸੁਵਿਧਾ ਦੇਣ ਵਾਲੀ ਏਆਈ ਕਿਤੇ ਸਾਡੇ ਲਈ ਨੁਕਸਾਨ ਜਾਂ ਦੁੱਖ ਦੇਣ ਵਾਲੀ ਨਾ ਸਾਬਿਤ ਹੋਵੇ, ਇਸ ਗੱਲ ਨੂੰ ਲੈਕੇ ਵੀ ਮਾਹਿਰਾਂ ਵਿੱਚ ਚਿੰਤਾ ਬਣੀ ਹੋਈ ਹੈ। 

ਅਸੀਂ ਲਗਭਗ ਉਸ ਮੁਕਾਮ ਨੂੰ ਹਾਸਿਲ ਕਰਨ ਵਾਲੇ ਹਾਂ ਜਦੋਂ ਮਸਨੂਈ ਬੁੱਧੀ ਹਰ ਅਸੰਭਵ ਕੰਮ ਵੀ ਕਰ ਸਕਦੀ ਹੈ। ਇਸ ਤਕਨੀਕ ਨੂੰ ਜਨਰੇਵਿਟ ਏਆਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਰ ਇਹ ਜਨਰੇਟਿਵ ਏਆਈ ਸਾਡੇ ਲਈ ਕਿੰਨੀ ਚੰਗੀ ਅਤੇ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ ਇਸ ਦਾ ਅੰਦਾਜਾ ਅਜੇ ਲਗਾਉਣਾ ਥੋੜਾ ਔਖਾ ਹੈ। ਪਰ ਕਿਆਸ ਲਗਾਏ ਜਾ ਰਹੇ ਹਨ ਕਿ ਸੁੱਖ ਦੇਣ ਦੇ ਨਾਲ-ਨਾਲ ਇਹ ਕਈ ਤਰਾਂ ਦੇ ਦੁੱਖ, ਚੁਣੌਤੀਆਂ ਅਤੇ ਪਰੇਸ਼ਾਨੀਆਂ ਵੀ ਨਾਲ ਲੈਕੇ ਆਵੇਗੀ। ਇਸ ਦਾ ਸਭ ਤੋਂ ਵੱਧ ਅਸਰ ਨਵੀਂ ਪੀੜੀ ਤੇ ਪਵੇਗਾ। 

ਮੌਜੂਦਾ ਸਮੇਂ ਵਿੱਚ ਖਾਸ ਤੌਰ ਤੇ ਜਨਰੇਟਿਵ ਏਆਈ ਦਾ ਦਾਇਰਾ ਕਾਫ਼ੀ ਵਧ ਚੁੱਕਾ ਹੈ। ਇਸ ਦੇ ਵਧਣ ਨਾਲ ਸਮਰੱਥਾਵਾਂ ਵੀ ਵਧੀਆਂ ਹਨ ਅਤੇ ਅਵਸਰ ਵੀ ਵਧੇ ਹਨ। ਜੇ ਤੁਸੀਂ ਸੋਚਦੇ ਹੋ ਕਿ ਬਹੁਤ ਹੀ ਯਥਾਰਥਵਾਦੀ ਟੈਕਸਟ-ਟੂ-ਇਮੇਜ ਟੂਲ ਏਆਈ ਦਾ ਸਿਖਰ ਸਨ, ਤਾਂ ਤੁਹਾਨੂੰ ਹੋਰ ਵਿਚਾਰ ਕਰਨ ਦੀ ਲੋੜ ਹੈ। ਨਵੀਂ ਤਕਨੀਕ ਨਾਲ ਲੈਸ ਇਹ ਏਆਈ ਉਹ ਸਭ ਕੁਝ ਕਰ ਸਕਦੀ ਹੈ ਜਿਸ ਦੀ ਸ਼ਾਇਦ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹਰ ਅਸੰਭਵ ਕੰਮ ਨੂੰ ਸੰਭਵ ਬਣਾਉਣਾ ਇਸ ਦਾ ਮੁੱਖ ਕੰਮ ਹੈ। ਇਹੀ ਨਹੀਂ ਉਸ ਕੰਮ ਨੂੰ ਸੌਖੀ ਤਰੀਕੇ ਅਤੇ ਘਟ ਸਮੇਂ ਵਿੱਚ ਪੂਰਾ ਕਰਨ ਦਾ ਵੀ ਪ੍ਰਬੰਧ ਕਰਦੀ ਹੈ।