ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥ੍ਰੋ ਫਾਈਨਲ ਜਿੱਤਿਆ

ਸਿਰਫ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਸੋਨ ਤਗਮਾ ਹੀ ਸੀ ਜੋ ਨੀਰਜ ਚੋਪੜਾ ਤੋਂ ਬਚ ਗਿਆ ਸੀ

ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਵਿੱਚ ਪਹਿਲਾਂ ਅਤੇ ਦੂਜਾ ਸਥਾਨ ਹਾਸਿਲ ਕੀਤਾ। ਅਜਿਹੇ ਹੀ ਭਾਰਤ ਵਿੱਚ ਪੈਦਾ ਹੋਏ ਮਹਾਨ ਖਿਡਾਰੀਆਂ ਵਿੱਚੋਂ ਇੱਕ, ਨੀਰਜ ਚੋਪੜਾ ਨੇ ਆਪਣੇ ਖੇਡ ਕਰੀਅਰ ਵਿੱਚ ਇੱਕ ਚੱਕਰ ਪੂਰਾ ਕਰ ਲਿਆ ਹੈ। ਉਸਨੇ ਉਹ ਸਭ ਕੁਝ ਜਿੱਤਿਆ ਜੋ ਉਹ ਜਿੱਤ ਸਕਦਾ ਸੀ। 

ਇਹ ਸਿਰਫ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਸੋਨ ਤਗਮਾ ਹੀ ਸੀ ਜੋ ਉਸ ਤੋਂ ਬਚ ਗਿਆ ਸੀ। ਪਰ ਐਤਵਾਰ ਨੂੰ 25 ਸਾਲਾ ਇਸ ਹੋਣਹਾਰ ਖਿਡਾਰੀ ਨੇ ਇਹ ਮੀਲ ਪੱਥਰ ਵੀ ਪੂਰਾ ਕਰ ਲਿਆ। ਇਸ ਮੌਕੇ ਨੀਰਜ ਨੇ ਸਿਖਰਲਾ ਸਥਾਨ ਹਾਸਲ ਕੀਤਾ ਜਦਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ। 

ਈਵੈਂਟ ਤੋਂ ਬਾਅਦ ਨੀਰਜ ਨੇ ਇਸ ਗੱਲ ਨੂੰ ਖੁੱਲ੍ਹ ਕੇ ਦੱਸਿਆ ਕਿ ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਨੂੰ ਕਿਵੇਂ ਸਮਝਿਆ ਜਾ ਰਿਹਾ ਸੀ। ਇਸ ਮੁਕਾਬਲੇ ਨੂੰ ਖਾਸਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ।

ਨੀਰਜ ਚੋਪੜਾ  ਅਤੇ ਅਰਸ਼ਦ ਨਦੀਮ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਹਨ। ਜਦੋਂ ਵੀ ਦੋਵੇਂ ਇਕੱਠੇ ਮੈਦਾਨ ‘ਤੇ ਉਤਰੇ ਹਨ, ਇਹ ਭਾਰਤੀ ਅਥਲੀਟ ਹੀ ਹੈ ਜੋ ਚੋਟੀ ‘ਤੇ ਰਹਿੰਦਾ ਆਇਆ ਹੈ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਵੀ ਅਜਿਹਾ ਹੀ ਮਾਮਲਾ ਸੀ ਜਿੱਥੇ ਨੀਰਜ ਨੇ ਫਾਈਨਲ ‘ਚ 88.17 ਮੀਟਰ ਥਰੋਅ ਨਾਲ ਜਿੱਤ ਦਰਜ ਕੀਤੀ ਸੀ। ਦੂਜੇ ਪਾਸੇ ਅਰਸ਼ਦ ਨਦੀਮ 87.82 ਮੀਟਰ ਥਰੋਅ ਨਾਲ ਦੂਜੇ ਸਥਾਨ ‘ਤੇ ਰਿਹਾ। 

ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਸਮਾਗਮ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਮੁਕਾਬਲੇ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਜ਼ਿਆਦਾ ਵਰਤੋਂ ਨਹੀਂ ਕਰਦਾ ਪਰ ਅੱਜ ਮੈਂ ਇਸ ‘ਤੇ ਨਜ਼ਰ ਮਾਰੀ ਅਤੇ ਪਹਿਲੀ ਗੱਲ ਭਾਰਤ ਬਨਾਮ ਪਾਕਿਸਤਾਨ ਸੀ ਪਰ ਜੇਕਰ ਤੁਸੀਂ ਦੇਖੋਗੇ ਤਾਂ ਯੂਰਪੀਅਨ ਐਥਲੀਟ ਬਹੁਤ ਖਤਰਨਾਕ ਹਨ ਅਤੇ ਕਿਸੇ ਵੀ ਸਮੇਂ ਉਹ ਵੱਡੀ ਥਰੋਅ ਪੈਦਾ ਕਰ ਸਕਦੇ ਹਨ, ਜਿਵੇਂ ਕਿ ਅਰਸ਼ਦ, ਜੈਕਬ ਅਤੇ ਜੂਲੀਅਨ ਵੈਬਰ ਵਰਗੇ ਖਿਡਾਰੀ। ਇਸ ਲਈ ਆਖਰੀ ਥਰੋਅ ਤੱਕ ਤੁਹਾਨੂੰ ਦੂਜੇ ਥਰੋਅਰਾਂ ਬਾਰੇ ਸੋਚਣਾ ਹੁੰਦਾ ਹੈ। ਪਰ ਗੱਲ ਇਹ ਹੈ ਕਿ ਘਰ ਵਾਪਸੀ ’ਤੇ ਜਿਆਦਾਤਰ ਭਾਰਤ ਬਨਾਮ ਪਾਕਿਸਤਾਨ ਦੀ ਤੁਲਨਾ ਹੀ ਹੋਵੇਗੀ। 

ਏਸ਼ੀਅਨ ਖੇਡਾਂ ਓਹ ਅਗਲਾ ਮੇਗਾ ਈਵੈਂਟ ਹੋਵੇਗਾ ਜਿੱਥੇ ਅਰਸ਼ਦ ਨਦੀਮ ਅਤੇ ਨੀਰਜ ਚੋਪੜਾ ਹਿੱਸਾ ਲੈਣਗੇ। ਨੀਰਜ ਨੇ ਮੰਨਿਆ ਕਿ ਮਹਾਂਦੀਪੀ ਈਵੈਂਟ ਵਿੱਚ ‘ਭਾਰਤ ਬਨਾਮ ਪਾਕਿਸਤਾਨ’ ਦੀ ਚਰਚਾ ਹੋਰ ਹੋਵੇਗੀ। ਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਏਸ਼ਿਆਈ ਖੇਡਾਂ ਵਿੱਚ ਭਾਰਤ ਬਨਾਮ ਪਾਕਿਸਤਾਨ ਬਾਰੇ ਹੋਰ ਵੀ ਗੱਲ ਹੋਵੇਗੀ, ਪਰ ਮੈਂ ਸਿਰਫ਼ ਆਰਾਮ ਕਰਨ ਅਤੇ ਤੰਦਰੁਸਤ ਰਹਿਣ ਬਾਰੇ ਸੋਚ ਰਿਹਾ ਹਾਂ।”