ਮਸਤਾਨੇ ਫਿਲਮ ਸਮੀਖਿਆ: ਇਤਿਹਾਸ ਦਾ ਇੱਕ ਦਿਲਚਸਪ ਹਿੱਸਾ ਜਿਸਨੇ ਸਿੱਖ ਸਾਮਰਾਜ ਦੀ ਸਥਾਪਨਾ ਸਬੰਧੀ ਅਗਵਾਈ ਕੀਤੀ

ਸਿੱਖ ਬਹਾਦਰੀ ਦੇ ਵਿਸ਼ੇਸ਼ ਗੁਣਾਂ ਨੂੰ ਦਰਸਾਉਂਦੀ ਹੈ ਫਿਲਮ ਮਸਤਾਨੇ

ਫਿਲਮ ਮਸਤਾਨੇ ਦੀ ਕਹਾਣੀ: ਨਾਦਰ ਸ਼ਾਹ ਦੀ ਫ਼ੌਜ ਨੂੰ ਭਾਰਤ ਤੋਂ ਲੁੱਟ ਦਾ ਮਾਲ ਬਾਹਰ ਅਫ਼ਗਾਨਿਸਤਾਨ ਲਿਜਾਣ ਦੌਰਾਨ ਬਾਗੀ ਸਿੱਖਾਂ ਦੇ ਇੱਕ ਧੜੇ ਨੇ ਦੁਬਾਰਾ ਲੁੱਟ ਲਿਆ ਜਿਸ ਤੋਂ ਬਾਅਦ ਨਾਦਰ ਸ਼ਾਹ ਨੇ ਸਿੱਖਾਂ ਤੋਂ ਬਦਲਾ ਲੈਣ ਦੀ ਠਾਣੀ ਅਤੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਤੋਂ ਬਾਗੀ ਸਿੱਖਾਂ ਨੂੰ ਕੁਚਲਣ ਲਈ ਸਹਾਇਤਾ ਮੰਗੀ। ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਖੁਸ਼ ਕਰਨ ਲਈ ਚਾਰ ਮਾਮੂਲੀ ਨੌਟੰਕੀਬਾਜਾਂ ਨੂੰ ਪੈਸੇ ਦਾ ਲਾਲਚ ਦੇ ਕੇ ਸਿੱਖਾਂ ਦਾ ਰੂਪ ਧਾਰਨ ਕਰਨ ਲਈ ਕਿਹਾ ਤਾਂ ਕਿ ਨਾਦਰ ਸ਼ਾਹ ਇਹਨਾਂ ਦੀ ਗ੍ਰਿਫ਼ਤ ਦੇਖ ਕੇ ਖੁਸ਼ ਹੋ ਜਾਵੇ, ਪਰ ਇਸਦੇ ਉਲਟ ਸਿੱਖਾਂ ਦਾ ਰੂਪ ਧਾਰਨ ਕਰਨਾ ਇਹਨਾਂ ਮਾਮੂਲੀ ਆਮ ਲੋਕਾਂ ਨੂੰ ਵੀ ਦਲੇਰ ਸਿੱਖਾਂ ਵਿੱਚ ਬਦਲ ਦਿੰਦਾ ਹੈ, ਜੋ ਆਖਰਕਾਰ ਜ਼ਕਰੀਆ ਖਾਨ ਦੀ ਫੌਜ ਨਾਲ ਲੜਦੇ ਹੋਏ ਵਿਲੱਖਣ ਬਹਾਦਰੀ ਦਿਖਾਉਂਦੇ ਹਨ ਅਤੇ ਸ਼ਹੀਦ ਹੋ ਜਾਂਦੇ ਹਨ। ਉਨ੍ਹਾਂ ਦੀ ਇਹ ਦਲੇਰੀ ਨਾਦਰ ਸ਼ਾਹ ਨੂੰ ਬਹੁਤ ਟੁੰਬਦੀ ਹੈ ਜਿਸ ਤੋਂ ਉਹ ਸਹਿਜੇ ਹੀ ਅੰਦਾਜ਼ਾ ਲਗਾ ਲੈਂਦਾ ਹੈ ਕਿ ਇੱਕ ਦਿਨ ਸਿੱਖ ਇਸ ਇਲਾਕੇ ’ਚ ਰਾਜ ਕਰਨਗੇ।

ਮਸਤਾਨੇ ਦੀ ਸਮੀਖਿਆ:

ਫਿਲਮ ਮਸਤਾਨੇ 1739 ਤੱਕ ਦੇ ਭਾਰਤੀ ਇਤਿਹਾਸ ਦੀ ਇੱਕ ਮਹਾਂਕਾਵਿ ਕਹਾਣੀ ਹੈ। ਕਹਾਣੀ ਯੋਧੇ ਸਿੱਖਾਂ ਦੇ ਉਭਾਰ ਤੋਂ ਪ੍ਰੇਰਿਤ ਹੈ ਜੋ ਉਸ ਯੁੱਗ ਵਿੱਚ ਮੁਗਲ ਸਾਮਰਾਜ ਦੇ ਵਿਰੁੱਧ ਇਕੱਠੇ ਹੋਣੇ ਸ਼ੁਰੂ ਹੋਏ ਸਨ। ਪੰਜ ਆਮ ਆਦਮੀਆਂ ਦੇ ਇੱਕ ਕਾਲਪਨਿਕ ਬਿਰਤਾਂਤ ਜ਼ਰੀਏ, ਫਿਲਮ ਸਿੱਖ ਬਹਾਦਰੀ ਦੇ ਵਿਸ਼ੇਸ਼ ਗੁਣਾਂ ਨੂੰ ਦਰਸਾਉਂਦੀ ਹੈ ਜੋ ਗੁਰੂ ਹਰਗੋਬਿੰਦ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਵਰਗੇ ਯੋਧੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਮਾਰਗਦਰਸ਼ਨ ਲੈਂਦੇ ਹਨ।

ਮਸਤਾਨੇ ਦੀ ਕਹਾਣੀ ਜ਼ਹੂਰ (ਤਰਸੇਮ ਜੱਸੜ) ਅਤੇ ਬਸ਼ੀਰ (ਕਰਮਜੀਤ ਅਨਮੋਲ) ਸਮੇਤ ਇਹਨਾਂ ਚਾਰ ਆਮ ਲੋਕਾਂ ਦੀਆਂ ਜਿੰਦਗੀਆਂ ਤੋਂ ਸ਼ੁਰੂ ਹੁੰਦੀ ਹੈ, ਜੋ ਜ਼ਕਰੀਆ ਖਾਨ (ਅਵਤਾਰ ਗਿੱਲ) ਦੇ ਵਜ਼ੀਰ (ਆਰਿਫ਼ ਜ਼ਕਰੀਆ) ਦੇ ਮਸਖਰੇ ਜਾਂ ਨੌਟੰਕੀਬਾਜ ਹੁੰਦੇ ਹਨ। ਇਹਨਾਂ ਚਾਰਾਂ ਨੂੰ ਸਿੱਖਾਂ ਦੀ ਭੂਮਿਕਾ ਨਿਭਾਉਣ ਲਈ ਕਿਹਾ ਜਾਂਦਾ ਹੈ। ਅੱਗੇ ਚੱਲ ਕੇ ਕਲੰਦਰ (ਗੁਰਪ੍ਰੀਤ ਘੁੱਗੀ) ਨਾਂ ਦਾ ਇੱਕ ਫਕੀਰ ਜਦੋਂ ਉਨ੍ਹਾਂ ਨੂੰ ਸਿੱਖ ਬਹਾਦਰੀ ਦੀਆਂ ਕਹਾਣੀਆਂ ਤੇ ਅਰਦਾਸ ਦੀ ਸ਼ਕਤੀ ਨਾਲ ਸਿੱਖ ਬਹਾਦਰੀ ਦੀ ਪਾਣ ਚੜਾਉਂਦਾ ਹੈ ਤਾਂ ਉਨ੍ਹਾਂ ‘ਚ ਬਹੁਤ ਪਰਿਵਰਤਨ ਆ ਜਾਂਦਾ ਹੈ।

ਇਸ ਮਾਮੂਲੀਪਣ ਤੋਂ ਲੈ ਕੇ ਅਤਿ ਦੀ ਬਹਾਦਰੀ ਤੱਕ ਦੇ ਇਸ ਸਫ਼ਰ ਨੂੰ ਉਲੀਕਦੇ ਹੋਏ ਨਿਰਦੇਸ਼ਕ ਨੇ ਸ਼ਾਨਦਾਰ ਕੰਮ ਕੀਤਾ ਹੈ। ਉਸਨੇ ਹਰ ਇੱਕ ਪਾਤਰ ਦੀ ਬਾਰੀਕੀ ਵਿੱਚ ਨੱਕਾਸ਼ੀ ਕੀਤੀ ਹੈ ਤਾਂ ਕਿ ਉਹ ਮਾਰਸ਼ਲ ਨਸਲ ਦੇ ਪ੍ਰਤੀਕ, ਪੰਜ ਸਿੱਖਾਂ ਨੂੰ ਉਹਨਾਂ ਦੀ ਭੂਮਿਕਾ ਵਿੱਚ ਪੂਰੀ ਤਰਾਂ ਫਿੱਟ ਬਿਠਾ ਸਕੇ। ਸਧਾਰਨ ਲੋਕਾਂ ਦੇ ਜੱਥੇ ਦੀ ਅਗਵਾਈ ਕਰਦੇ ਹੋਏ ਤਰਸੇਮ ਜੱਸੜ ਦੁਆਰਾ ਨਿਭਾਇਆ ਜ਼ਹੂਰ ਦਾ ਪਾਤਰ ਉਸਦੀ ਪ੍ਰਭਾਵਸ਼ਾਲੀ ਝਾਕਣੀ ਸਮੇਤ ਵਿਲੱਖਣਤਾ ਭਰੇ ਅੰਦਾਜ਼ ਨਾਲ ਇੱਕ ਸਸ਼ਤਰਧਾਰੀ ਵਜੋਂ ਉਸਦਾ ਅੰਦਾਜ਼ ਪ੍ਰਭਾਵਸ਼ਾਲੀ ਹੈ ਜੋ ਕਿ ਕਿਰਦਾਰ ਨੂੰ ਹੋਰ ਵੀ ਪਰਪੱਕਤਾ ਅਤੇ ਭਰੋਸੇਯੋਗਤਾ ਪ੍ਰਦਾਨ ਕਰਦਾ ਹੈ।

ਘੁੱਗੀ ਨੇ ਇੱਕ ਸੂਝਵਾਨ ਫਕੀਰ ਦੇ ਕਿਰਦਾਰ ਨੂੰ ਪੇਸ਼ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਜਿਸਦੀ ਵਫ਼ਾਦਾਰੀ ਯੋਧੇ ਸਿੱਖਾਂ ਨਾਲ ਹੈ ਕਿਉਂਕਿ ਉਸਦੀ ਜਾਨ ਬਚਪਨ ਵਿੱਚ ਸਿੱਖਾਂ ਨੇ ਬਚਾਈ ਸੀ। ਇਹ ਉਹ ਕਿਰਦਾਰ ਹੁੰਦਾ ਹੈ ਜੋ ਚਾਰ ਆਮ ਲੋਕਾਂ ਨੂੰ ਨਾਦਰ ਸ਼ਾਹ ਸਾਹਮਣੇ ਪੇਸ਼ ਕਰਨ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਉਨ੍ਹਾਂ ਵਿੱਚ ਅਰਦਾਸ ਅਤੇ ਪਾਠ ਦੁਆਰਾ ਸਿੱਖਾਂ ਦੀਆਂ ਕਦਰਾਂ-ਕੀਮਤਾਂ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਖਾਨ ਦੀ ਮਜ਼ਬੂਤ ​​ਫੌਜ ਨਾਲ ਟਾਕਰਾ ਕਰਨ ਦੀ ਤਾਕੀਦ ਕਰਦਾ ਹੈ ਭਾਵੇਂ ਕਿ ਦੁਸ਼ਮਣ ਵਧੇਰੇ ਗਿਣਤੀ ਵਿੱਚ ਹੀ ਕਿਉਂ ਨਾ ਹੋਣ।

ਬਨਿੰਦਰ ਬੰਨੀ ਅਤੇ ਹਨੀ ਮੱਟੂ ਹੋਰ ਦੋ ਆਮ ਲੋਕਾਂ ਦੇ ਕਿਰਦਾਰ ਵਿੱਚ ਹਨ ਜੋ ਵਿਆਪਕ ਵਿਸ਼ੇਸ਼ਤਾ ਦੇ ਹੱਕਦਾਰ ਹਨ ਅਤੇ ਕਦੇ ਵੀ ਕਹਾਣੀ ਨੂੰ ਕਮਜ਼ੋਰ ਨਹੀਂ ਹੋਣ ਦਿੰਦੇ। ਰਾਹੁਲ ਦੇਵ ਨੇ ਪੰਜਾਬੀ ਭਾਸ਼ਾ ਦੀ ਵਰਤੋਂ ਜ਼ਰੀਏ ਸਹਿਜਤਾ ਨਾਲ ਨਾਦਰ ਸ਼ਾਹ ਦੀ ਭੂਮਿਕਾ ਨਿਭਾਈ ਹੈ ਜੋ ਦੂਸਰੇ ਦੇਸ਼ ਨੂੰ ਲੁੱਟਣ ਵਾਲੇ ਇੱਕ ਫਾਰਸੀ ਸ਼ਾਸਕ ਦੇ ਕਿਰਦਾਰ ਨੂੰ ਸੰਪੂਰਨਤਾ ਬਖਸ਼ਦਾ ਹੈ। ਜ਼ਹੂਰ ਦੇ ਪਿਆਰ ਵਜੋਂ ਸਿਮੀ ਚਾਹਲ ਦੀ ਭੂਮਿਕਾ ਨੂਰ ਵਜੋਂ ਭਾਵੇਂ ਬਹੁਤ ਛੋਟੀ ਹੈ ਪਰ ਉਹ ਇਸ ਨੂੰ ਪੂਰੀ ਲਗਨ ਨਾਲ ਨਿਭਾਉਂਦੀ ਹੈ ਅਤੇ ਕਿਰਦਾਰ ਵਿੱਚ ਫਿੱਟ ਬੈਠਦੀ ਹੈ।

ਪੰਜਾਬੀ ਇੰਡਸਟਰੀ ਦੁਆਰਾ ਕਾਮੇਡੀ ਫਿਲਮਾਂ ਬਣਾਉਣ ਦੀ ਇਮੇਜ ਤੋਂ ਉਭਰਨ ਲਈ ਇਹ ਮਸਤਾਨੇ ਫਿਲਮ ਇੱਕ ਜਬਰਦਸਤ ਕੋਸ਼ਿਸ਼ ਕਹੀ ਜਾ ਸਕਦੀ ਹੈ। ਇਸਦੀ ਕਹਾਣੀ ਆਪਣੇ ਸ਼ਾਨਦਾਰ ਸਿਨੇਮੈਟੋਗ੍ਰਾਫੀ ਅਤੇ ਉੱਤਮ ਮਾਰਸ਼ਲ (ਲੜਾਕੂ) ਪ੍ਰਦਰਸ਼ਨ ਨਾਲ ਜੁੜੀ ਹੋਈ ਹੈ। ਸੰਗੀਤ ਇੱਕ ਹੋਰ ਵਿਸ਼ੇਸ਼ਤਾ ਹੈ ਜੋ ਮੁਗ਼ਲ ਪ੍ਰਭਾਵ ਅਤੇ ਸਿੱਖ ਰੰਗਤ ਦੇ ਰੂਪਾਂ ਨੂੰ ਦਰਸਾਉਂਦਾ ਅੰਸ਼ ਹੈ।