ਯੇਵਗੇਨੀ ਪ੍ਰਿਗੋਜ਼ਿਨ, ਭਾੜੇ ਦੀ ਫੌਜ ਵੈਗਨਰ ਦਾ ਮੁਖੀ ਇੱਕ ਜਹਾਜ਼ ਹਾਦਸੇ ਵਿੱਚ ਮਾਰਿਆ ਗਿਆ

ਯੇਵਗੇਨੀ ਪ੍ਰਿਗੋਜ਼ਿਨ ਨੂੰ 1981 ਵਿੱਚ ਲੁੱਟ ਅਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਸੀ

ਯੇਵਗੇਨੀ ਪ੍ਰਿਗੋਜ਼ਿਨ ਦੀ ਕਿਸਮਤ ਦਹਾਕਿਆਂ ਤੋਂ ਕ੍ਰੇਮਲਿਨ ਨਾਲ ਜੁੜੀ ਹੋਈ ਸੀ – ਇੱਕ ਭਰੋਸੇਯੋਗ ਸਰਕਾਰੀ ਠੇਕੇਦਾਰ ਵਜੋਂ ਅਤੇ ਵੈਗਨਰ ਭਾੜੇ ਦੀ ਫੌਜ ਦਾ ਮੁਖੀ ਹੋਣ ਨਾਤੇ ਜੋ ਯੂਕਰੇਨ ਵਿੱਚ ਲੜਿਆ ਸੀ ਅਤੇ ਸੀਰੀਆ ਸਮੇਤ ਅਫਰੀਕਾ ਵਿੱਚ ਰੂਸ ਦੇ ਜਾਲਮਾਨਾ ਕੰਮ ਕਰਨ ਲਈ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੈ।

ਪਰ ਜਦੋਂ ਯੇਵਗੇਨੀ ਪ੍ਰਿਗੋਜ਼ਿਨ ਨੇ ਦੋ ਮਹੀਨੇ ਪਹਿਲਾਂ ਆਪਣੇ ਆਦਮੀਆਂ ਨੂੰ ਮਾਸਕੋ ਵੱਲ ਭੇਜਿਆ ਤਾਂ ਰੂਸ ਦੇ ਅੰਦਰ ਅਤੇ ਇਸ ਤੋਂ ਬਾਹਰ ਦੇ ਬਹੁਤ ਸਾਰੇ ਲੋਕ ਇਹ ਸੋਚਣ ਲੱਗੇ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਨਿਰਾਸ਼ ਕਰਨ ਤੋਂ ਬਾਅਦ ਕਿੰਨਾ ਚਿਰ ਜਿਉਂਦਾ ਰਹਿ ਸਕਦਾ ਹੈ।

ਯੇਵਗੇਨੀ ਪ੍ਰਿਗੋਜ਼ਿਨ ਨੇ ਪੁਤਿਨ ਅਤੇ ਬੇਲਾਰੂਸ ਦੇ ਨੇਤਾ ਨਾਲ ਆਪਣੇ ਅਤੇ ਵਿਦਰੋਹ ਵਿੱਚ ਸ਼ਾਮਲ ਆਦਮੀਆਂ ਲਈ ਇੱਕ ਸੁਰੱਖਿਅਤ ਪਨਾਹ ਲਈ ਸੌਦਾ ਕੀਤਾ ਸੀ। ਉਸ ਨੂੰ ਰੂਸ ਵਿੱਚ ਸਮੇਂ-ਸਮੇਂ ‘ਤੇ ਦੇਖੇ ਜਾਣ ਦੀਆਂ ਰਿਪੋਰਟਾਂ ਆਈਆਂ ਸਨ ਅਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਭਰਤੀ ਦੀ ਇੱਕ ਵੀਡੀਓ ਵਿੱਚ ਵੀ ਉਸਨੂੰ ਦੇਖਿਆ ਗਿਆ।

ਪਰ ਫਿਰ ਬੁੱਧਵਾਰ ਨੂੰ ਰੂਸ ਦੀ ਨਾਗਰਿਕ ਹਵਾਬਾਜ਼ੀ ਏਜੰਸੀ ਨੇ ਕਿਹਾ ਕਿ ਉਹ ਇੱਕ ਜਹਾਜ਼ ਵਿੱਚ ਸਵਾਰ ਸੀ ਜੋ ਮਾਸਕੋ ਦੇ ਉੱਤਰ ਵਿੱਚ ਕਰੈਸ਼ ਹੋ ਗਿਆ ਅਤੇ ਉਸ ਵਿੱਚ ਸਵਾਰ ਸਾਰੇ ਹੀ 10 ਲੋਕ ਮਾਰੇ ਗਏ।

ਯੇਵਗੇਨੀ ਪ੍ਰਿਗੋਜ਼ਿਨ ਦਾ ਪਿਛੋਕੜ

ਯੇਵਗੇਨੀ ਪ੍ਰਿਗੋਜ਼ਿਨ ਨੂੰ 1981 ਵਿੱਚ ਲੁੱਟ ਅਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸਨੇ 1990 ਦੇ ਦਹਾਕੇ ਵਿੱਚ ਸੇਂਟ ਪੀਟਰਸਬਰਗ ਵਿੱਚ ਇੱਕ ਰੈਸਟੋਰੈਂਟ ਦਾ ਕਾਰੋਬਾਰ ਖੋਲ੍ਹਿਆ। ਪੁਤਿਨ ਉਸ ਸਮੇਂ ਸ਼ਹਿਰ ਦੇ ਡਿਪਟੀ ਮੇਅਰ ਸਨ। ਉਸਨੇ ਉਸ ਕੁਨੈਕਸ਼ਨ ਦੀ ਵਰਤੋਂ ਇੱਕ ਕੇਟਰਿੰਗ ਕਾਰੋਬਾਰ ਨੂੰ ਵਿਕਸਤ ਕਰਨ ਲਈ ਕੀਤੀ ਅਤੇ ਮੁਨਾਫ਼ੇ ਵਾਲੇ ਰੂਸੀ ਸਰਕਾਰ ਦੇ ਠੇਕੇ ਜਿੱਤੇ ਜਿਨ੍ਹਾਂ ਕਰਕੇ ਉਹ “ਪੁਤਿਨ ਦਾ ਸ਼ੈੱਫ” ਉਪਨਾਮ ਵਜੋਂ ਮਸ਼ਹੂਰ ਹੋਇਆ। ਬਾਅਦ ਵਿੱਚ ਉਸਨੇ ਮੀਡੀਆ ਅਤੇ ਇੱਕ ਬਦਨਾਮ ਇੰਟਰਨੈਟ “ਟ੍ਰੋਲ ਫੈਕਟਰੀ” ਸਮੇਤ ਹੋਰ ਖੇਤਰਾਂ ਵਿੱਚ ਵਿਸਤਾਰ ਕੀਤਾ, ਜਿਸ ਨਾਲ ਸੰਯੁਕਤ ਰਾਜ ਵਿੱਚ 2016 ਦੀਆਂ ਰਾਸ਼ਟਰਪਤੀ ਚੋਣਾਂ ਸਮੇਂ ਦਖਲਅੰਦਾਜ਼ੀ ਕਰਨ ਲਈ ਉਸ ’ਤੇ ਦੋਸ਼ ਲੱਗੇ।

ਵੈਗਨਰ ਨੂੰ ਪਹਿਲੀ ਵਾਰ ਪੂਰਬੀ ਯੂਕਰੇਨ ਵਿੱਚ ਕਾਰਵਾਈ ਕਰਦੇ ਹੋਏ ਉਸ ਸਮੇਂ ਦੇਖਿਆ ਗਿਆ ਜਦੋਂ ਅਪ੍ਰੈਲ 2014 ਵਿੱਚ ਰੂਸ ਦੁਆਰਾ ਯੂਕਰੇਨ ਦੇ ਕ੍ਰੀਮੀਅਨ ਪ੍ਰਾਇਦੀਪ ਨੂੰ ਮਿਲਾਉਣ ਤੋਂ ਬਾਅਦ ਇੱਕ ਵੱਖਵਾਦੀ ਸੰਘਰਸ਼ ਸ਼ੁਰੂ ਹੋਇਆ ਸੀ। ਉਸ ਸਮੇਂ ਰੂਸ ਨੇ ਸਬੂਤਾਂ ਦੇ ਹੋਣ ਬਾਵਜੂਦ ਯੂਕਰੇਨ ਵਿੱਚ ਆਪਣੇ ਹਥਿਆਰ ਅਤੇ ਫੌਜ ਭੇਜਣ ਤੋਂ ਇਨਕਾਰ ਕੀਤਾ ਸੀ।

ਵੈਗਨਰ ਦੇ ਕਰਮਚਾਰੀ ਸੀਰੀਆ ਵਿੱਚ ਵੀ ਤਾਇਨਾਤ ਸਨ, ਜਿੱਥੇ ਰੂਸ ਨੇ ਘਰੇਲੂ ਯੁੱਧ ਵਿੱਚ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਦਾ ਸਮਰਥਨ ਕੀਤਾ ਸੀ। ਲੀਬੀਆ ਵਿੱਚ, ਉਹ ਕਮਾਂਡਰ ਖਲੀਫਾ ਹਿਫਟਰ ਦੀਆਂ ਫੌਜਾਂ ਦੇ ਨਾਲ ਲੜੇ। ਗਰੁੱਪ ਨੇ ਮੱਧ ਅਫ਼ਰੀਕੀ ਗਣਰਾਜ ਅਤੇ ਮਾਲੀ ਵਿੱਚ ਵੀ ਕੰਮ ਕੀਤਾ ਹੈ।

ਸਤੰਬਰ 2022 ਤੋਂ ਬਾਅਦ ਜਦੋਂ ਯੇਵਗੇਨੀ ਪ੍ਰਿਗੋਜ਼ਿਨ ਨੇ ਵੈਗਨਰ ਦੀ ਸਥਾਪਨਾ ਸਮੇਤ ਅਗਵਾਈ ਕੀਤੀ ਅਤੇ ਵਿੱਤੀ ਸਹਾਇਤਾ ਨੂੰ ਸਵੀਕਾਰ ਕੀਤਾ ਉਦੋਂ ਤੱਕ ਉਸਦੇ ਭਾੜੇ ਦੇ ਸੈਨਿਕ – ਜਿਨ੍ਹਾਂ ਨੂੰ ਰੂਸੀ ਜੇਲ੍ਹਾਂ ਵਿੱਚੋਂ ਭਰਤੀ ਕੀਤਾ ਗਿਆ ਸੀ – ਯੂਕਰੇਨ ਵਿੱਚ, ਖਾਸ ਤੌਰ ‘ਤੇ ਬਰਬਾਦ ਹੋਏ ਕਸਬੇ ਬਖਮੁਤ ਵਿੱਚ ਲੜਾਈ ਕਰ ਅਤੇ ਮਰ ਰਹੇ ਸਨ।

ਬੇਰਹਿਮੀ ਲਈ ਵੱਕਾਰ

ਯੇਵਗੇਨੀ ਪ੍ਰਿਗੋਜ਼ਿਨ ਨੇ ਵੈਗਨਰ ਦੀਆਂ ਜਾਲਮਾਨਾਂ ਕਾਰਵਾਈਆਂ ਨੂੰ ਉਤਸ਼ਾਹਿਤ ਕੀਤਾ ਜਿਸ ਦੇ ਫਲਸਰੂਪ ਪੱਛਮੀ ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਮਾਹਰਾਂ ਦੁਆਰਾ ਭਾੜੇ ਦੇ ਫੌਜੀਆਂ ‘ਤੇ ਮੱਧ ਅਫ਼ਰੀਕੀ ਗਣਰਾਜ, ਲੀਬੀਆ ਅਤੇ ਮਾਲੀ ਸਮੇਤ ਪੂਰੇ ਅਫਰੀਕਾ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ।

2017 ਦੀ ਇੱਕ ਔਨਲਾਈਨ ਵੀਡੀਓ ਵਿੱਚ ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਨੂੰ ਦਿਖਾਇਆ ਗਿਆ ਹੈ ਜੋ ਕਥਿਤ ਤੌਰ ‘ਤੇ ਵੈਗਨਰ ਦੇ ਠੇਕੇਦਾਰ, ਇੱਕ ਸੀਰੀਆਈ ਨੂੰ ਤਸੀਹੇ ਦਿੰਦੇ ਹਨ ਅਤੇ ਉਸ ਦੇ ਸਰੀਰ ਨੂੰ ਕੱਟਣ ਅਤੇ ਸਾੜਨ ਤੋਂ ਪਹਿਲਾਂ ਉਸ ਨੂੰ ਹਥੌੜੇ ਨਾਲ ਕੁੱਟਦੇ ਹਨ।

2022 ਵਿੱਚ, ਇੱਕ ਹੋਰ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਵੈਗਨਰ ਦੇ ਇੱਕ ਸਾਬਕਾ ਠੇਕੇਦਾਰ ਨੂੰ ਕਥਿਤ ਤੌਰ ‘ਤੇ ਯੂਕਰੇਨੀਆਂ ਵਾਲੇ ਪਾਸੇ ਭੱਜਣ ਤੋਂ ਬਾਅਦ ਜਿਸਨੂੰ ਦੇਸ਼ ਤੋਂ ਬਾਹਰ ਕਢ ਦਿੱਤਾ ਸੀ, ਨੂੰ ਇੱਕ ਹਥੌੜੇ ਨਾਲ ਕੁੱਟਿਆ ਗਿਆ ਸੀ। ਇਸ ਤੋਂ ਬਾਅਦ ਜਨਤਕ ਰੋਹ ਅਤੇ ਜਾਂਚ ਦੀ ਮੰਗ ਦੇ ਬਾਵਜੂਦ, ਕ੍ਰੇਮਲਿਨ ਨੇ ਵਾਰ-ਵਾਰ ਇਹਨਾਂ ਮਸਲਿਆਂ ਪ੍ਰਤੀ ਅਣਦੇਖੀ ਕੀਤੀ।

ਯੂਕਰੇਨ ਵਿੱਚ ਵੈਗਨਰ ਦੀ ਭੂਮਿਕਾ

ਵੈਗਨਰ ਨੇ ਯੂਕਰੇਨ ਯੁੱਧ ਵਿੱਚ ਆਪਣੀ ਵਧੇਰੇ ਭਾਗੀਦਾਰੀ ਵਾਲੀ ਭੂਮਿਕਾ ਨਿਭਾਈ ਕਿਉਂਕਿ ਨਿਯਮਤ ਰੂਸੀ ਸੈਨਿਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਥੇ ਅਪਮਾਨਜਨਕ ਹਾਰਾਂ ਸਮੇਤ ਉਹਨਾਂ ਤੋਂ ਕਈ ਖੇਤਰ ਖੋਹ ਲਏ ਗਏ ਸਨ।

ਪ੍ਰਿਗੋਜ਼ਿਨ ਨੇ ਲੜਾਕਿਆਂ ਦੀ ਭਰਤੀ ਕਰਨ ਲਈ ਰੂਸੀ ਜੇਲ੍ਹਾਂ ਦਾ ਦੌਰਾ ਕੀਤਾ, ਅਤੇ ਵਾਅਦਾ ਕਿ ਜੇਕਰ ਉਹ ਵੈਗਨਰ ਨਾਲ ਫਰੰਟ ਲਾਈਨ ਡਿਊਟੀ ਦੇ ਅੱਧੇ ਸਾਲ ਤੱਕ ਬਚੇ ਰਹੇ ਤਾਂ ਉਹਨਾਂ ਨੂੰ ਮੁਆਫੀ ਦਿੱਤੀ ਜਾਵੇਗੀ

ਮਈ ਦੀ ਇੱਕ ਇੰਟਰਵਿਊ ਵਿੱਚ ਉਸਨੇ 50,000 ਕੈਦੀਆਂ ਦੀ ਭਰਤੀ ਕਰਨ ਦਾ ਦਾਅਵਾ ਕੀਤਾ। ਜਿਸ ਵਿੱਚ ਲਗਭਗ 35,000 ਆਦਮੀ ਹਰ ਸਮੇਂ ਫਰੰਟ ਲਾਈਨਾਂ ‘ਤੇ ਹੁੰਦੇ। ਉਸਨੇ ਇਹ ਵੀ ਕਿਹਾ ਹੈ ਕਿ ਉਸਨੇ ਬਖਮੁਤ ਦੀ ਲੜਾਈ ਵਿੱਚ 20,000 ਤੋਂ ਵੱਧ ਆਦਮੀਆਂ – ਜਿਨ੍ਹਾਂ ਵਿੱਚੋਂ ਅੱਧੇ ਕੈਦੀ ਸਨ – ਨੂੰ ਗੁਆ ਦਿੱਤਾ ਹੈ।

ਯੂਐਸ ਨੇ ਅੰਦਾਜ਼ਾ ਲਗਾਇਆ ਹੈ ਕਿ ਵੈਗਨਰ ਦੇ ਲਗਭਗ 50,000 ਕਰਮਚਾਰੀ ਯੂਕਰੇਨ ਵਿੱਚ ਲੜ ਰਹੇ ਸਨ, ਜਿਨ੍ਹਾਂ ਵਿੱਚ 10,000 ਠੇਕੇਦਾਰ ਅਤੇ 40,000 ਮੁਜਰਿਮ ਜਾਂ ਕੈਦੀ ਸਨ।