ਰਕਸ਼ਾ ਬੰਧਨ ਦਿਵਸ ‘ਤੇ ਉੜੀਸਾ ਹਾਈ ਕੋਰਟ ਨੇ ਭੈਣ ਨਾਲ ਜਬਰ-ਜਿਨਾਹ ਕਰਨ ਵਾਲੇ ਭਰਾ ਨੂੰ 20 ਸਾਲ ਲਈ ਜੇਲ੍ਹ ਭੇਜਿਆ

ਜੱਜ ਨੇ ਅਫਸੋਸ ਜਤਾਇਆ ਕਿ ਉਸ ਨੂੰ ਰਕਸ਼ਾ ਬੰਧਨ ਵਾਲੇ ਦਿਨ ਅਜਿਹੇ ਕੇਸ ਦਾ ਫੈਸਲਾ ਕਰਨਾ ਪਿਆ

ਰਕਸ਼ਾ ਬੰਧਨ ਵਾਲੇ ਦਿਨ ਜਦੋਂ ਭੈਣ ਨੂੰ ਆਪਣੇ ਭਾਈ ਦੀਆਂ ਦੁਆਵਾਂ ਅਤੇ ਵਚਨ ਮਿਲਦੇ ਹਨ ਤਾਂ ਉਹ ਗਦ-ਗਦ ਹੋ ਉਠਦੀ ਹੈ, ਉਸਨੂੰ ਲਗਦਾ ਹੈ ਕਿ ਭਾਈ ਮੁਸੀਬਤ ਵਿੱਚ ਤਾਂ ਜਰੂਰ ਹੀ ਉਸਦਾ ਸਾਥ ਦੇਵੇਗਾ, ਪਰ ਕਈ ਵਾਰ ਸਾਨੂੰ ਆਪਣੇ ਸਮਾਜ ਵਿੱਚ ਇਸਦੇ ਬਿਲਕੁਲ ਹੀ ਵਿਪਰੀਤ ਵੀ ਦੇਖਣ ਨੂੰ ਮਿਲਦਾ ਹੈ ਜਿਥੇ ਇੱਕ ਭਾਈ ਦੁਆਰਾ ਭੈਣ ਦੀ ਰਖਿਆ ਕਰਨੀ ਤਾਂ ਦੂਰ ਬਲਕਿ ਉਸਨੂੰ ਹੀ ਬੇ-ਇੰਤਿਹਾ ਦੁਖ ਤਕਲੀਫਾਂ ਦੇਣ ਸਹਿਤ ਜਬਰ-ਜਿਨਾਹ ਦਾ ਸ਼ਿਕਾਰ ਬਣਾਉਂਦਾ ਹੈ। ਇਹ ਘਟਨਾ ਉੜੀਸਾ ਤੋਂ ਸਾਹਮਣੇ ਆਈ ਜਿਸਦਾ ਕਿ ਫੈਸਲਾ ਵੀ ਰਕਸ਼ਾ ਬੰਧਨ ਵਾਲੇ ਦਿਨ ਹੀ ਕਰਨਾ ਪਿਆ।

ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਦੇ ਹੋਏ ਉੜੀਸਾ ਹਾਈ ਕੋਰਟ ਨੇ ਬੁੱਧਵਾਰ ਵਾਲੇ ਦਿਨ ਇੱਕ ਵਿਅਕਤੀ ਨੂੰ ਆਪਣੀ ਭੈਣ ਨਾਲ ਵਾਰ-ਵਾਰ ਬਲਾਤਕਾਰ ਕਰਨ ਅਤੇ 14 ਸਾਲ ਦੀ ਉਮਰ ਵਿੱਚ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ।

ਦੋਸ਼ੀ ਦੀ ਅਪੀਲ ਨੂੰ ਰੱਦ ਕਰਦੇ ਹੋਏ ਜਸਟਿਸ ਐਸ ਕੇ ਸਾਹੂ ਨੇ ਉਸ ‘ਤੇ 40,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਹੁਣ ਦੋਸ਼ੀ ਨੂੰ ਦੋ ਸਾਲ ਦੀ ਹੋਰ ਸਖ਼ਤ ਸਜ਼ਾ ਵੀ ਭੁਗਤਣੀ ਪਵੇਗੀ।

ਜੱਜ ਨੇ ਅਫਸੋਸ ਜਤਾਇਆ ਕਿ ਉਸ ਨੂੰ ਰਕਸ਼ਾ ਬੰਧਨ ਵਾਲੇ ਦਿਨ ਅਜਿਹੇ ਕੇਸ ਦਾ ਫੈਸਲਾ ਕਰਨਾ ਪਿਆ।

ਜੱਜ ਸਾਹੂ ਨੇ ਕਿਹਾ, “ਇਸ ਕੇਸ ਨੂੰ ਸੁਣਨਾ ਅਤੇ ਇੱਕ ਸ਼ੁਭ ਦਿਨ ‘ਤੇ ਅਜਿਹਾ ਫੈਸਲਾ ਸੁਣਾਉਣਾ ਹੈਰਾਨ ਕਰਨ ਦੇ ਨਾਲ-ਨਾਲ ਕਟਾਕਸ਼ ਵੀ ਹੈ, ਖਾਸਕਰ ਉਦੋਂ ਜਦੋਂ ਇੱਕ ਭਰਾ ਨਾ ਸਿਰਫ਼ ਆਪਣੀ ਭੈਣ ਦੀ ਰੱਖਿਆ ਕਰਨ ਲਈ ਸਗੋਂ ਉਸਦੇ ਆਖਰੀ ਸਾਹਾਂ ਤੱਕ ਉਸ ਦਾ ਪਾਲਣ ਪੋਸ਼ਣ ਕਰਨ ਅਤੇ ਰੱਖਿਆ ਕਰਨ ਦਾ ਸੰਕਲਪ ਲੈਂਦਾ ਹੈ।”

ਇਸ ਵਿਅਕਤੀ ਨੂੰ ਪਹਿਲਾਂ ਮਲਕਾਨਗਿਰੀ ਦੀ ਵਿਸ਼ੇਸ਼ ਜੱਜ ਵਾਲੀ ਅਦਾਲਤ ਨੇ ਮਈ 2018 ਤੋਂ ਮਈ 2019 ਦਰਮਿਆਨ ਉਨ੍ਹਾਂ ਦੇ ਪਿੰਡ ਵਿੱਚ ਆਪਣੀ ਛੋਟੀ ਭੈਣ ਨਾਲ ਵਾਰ-ਵਾਰ ਜਬਰ-ਜਿਨਾਹ ਕਰਨ ਲਈ ਦੋਸ਼ੀ ਠਹਿਰਾਇਆ ਸੀ।

ਉਸ ਨੂੰ ਜਨਵਰੀ 2020 ਵਿੱਚ ਆਪਣੀ ਭੈਣ ਨੂੰ ਦੂਜਿਆਂ ਨਾਲ ਇਸ ਘਟਨਾ ਦਾ ਖੁਲਾਸਾ ਨਾ ਕਰਨ ਦੀ ਧਮਕੀ ਵੀ ਦਿੱਤੀ ਅਤੇ ਜਿਸ ਦਾ ਉਸਨੂੰ ਦੋਸ਼ੀ ਵੀ ਠਹਿਰਾਇਆ ਗਿਆ ਸੀ।