ਜੀ-20 ਸੱਦੇ ‘ਤੇ ਅਰਵਿੰਦ ਕੇਜਰੀਵਾਲ ਦੀ ਤਿੱਖੀ ਪ੍ਰਤੀਕਿਰਿਆ ਕਿਹਾ, ‘ਕੀ ਕੇਂਦਰ ਦੀ ਸੱਤਾਧਾਰੀ ਪਾਰਟੀ ਹੁਣ ਦੇਸ਼ ਦਾ ਨਾਂ ਬਦਲ ਕੇ ‘ਭਾਜਪਾ’ ਰੱਖੇਗੀ?’

ਦਿੱਲੀ ਦੇ ਮੁੱਖ ਮੰਤਰੀ ਨੇ ਜੀ-20 ਡਿਨਰ ਦੇ ਸੱਦਿਆਂ ਵਿੱਚ ਇੰਡੀਆ ਦੇ ਰਾਸ਼ਟਰਪਤੀ ਨੂੰ ‘ਭਾਰਤ ਦੇ ਰਾਸ਼ਟਰਪਤੀ’ ਵਜੋਂ ਪੇਸ਼ ਕਰਨ ‘ਤੇ ਕੀਤੇ ਤਿੱਖੇ ਸਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਆਗਾਮੀ ਜੀ-20 ਸਿਖਰ ਸੰਮੇਲਨ ਲਈ ਵਿਦੇਸ਼ੀ ਪਤਵੰਤਿਆਂ ਦੇ ਅਧਿਕਾਰਤ ਡਿਨਰ ਸੱਦੇ ਵਿੱਚ ਰਵਾਇਤੀ ‘ਇੰਡੀਆ ਦੇ ਰਾਸ਼ਟਰਪਤੀ’ ਦੀ ਥਾਂ ‘ਭਾਰਤ ਦੇ ਰਾਸ਼ਟਰਪਤੀ’ ਦੀ ਵਰਤੋਂ ਨੂੰ ਲੈ ਕੇ ਵਿਵਾਦ ‘ਤੇ ਤਿੱਖਾ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਪੁੱਛਿਆ ਕਿ ਜੇਕਰ ਵਿਰੋਧੀ ਗਠਜੋੜ ਆਪਣੇ ਆਪ ਨੂੰ ‘ਇੰਡੀਆ’ ਕਹਿਣ ਦਾ ਫੈਸਲਾ ਕਰਦਾ ਹੈ ਤਾਂ ਕੀ ਕੇਂਦਰ ਦੀ ਸੱਤਾਧਾਰੀ ਪਾਰਟੀ ਦੇਸ਼ ਦਾ ਨਾਂ ਬਦਲ ਕੇ ਹੁਣ ‘ਭਾਜਪਾ’ ਰੱਖੇਗੀ?

ਵਿਰੋਧੀ ਗੱਠਜੋੜ ਨੇ ਆਪਣੇ ਨਾਮ ਨਾਲ ਇੰਡੀਆ ਜੋੜਿਆ ਹੈ ਜਿਸ ਸਦਕਾ ਅਰਵਿੰਦ ਕੇਜਰੀਵਾਲ ਨੇ ਵਿਦੇਸ਼ੀ ਪਤਵੰਤਿਆਂ ਦੇ ਡਿਨਰ ਸੱਦੇ ਵਿੱਚ ਇੰਡੀਆ ਦਾ ਨਾਮ ਬਦਲ ਕੇ ਭਾਰਤ ਕਰਨ ਪਿੱਛਲੇ ਤਰਕ ‘ਤੇ ਸਵਾਲ ਉਠਾਏ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੋ ਕਿ ਖੁਦ ਇੰਡੀਆ ਗਠਜੋੜ ਦੇ ਮੈਂਬਰ ਹਨ ਨੇ, ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਨੂੰ ਨਾਮ ਬਦਲਣ ਪਿਛੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਕਈ ਵਿਰੋਧੀ ਪਾਰਟੀਆਂ ਨੇ ਗਠਜੋੜ ਬਣਾ ਲਿਆ ਹੈ ਅਤੇ ਇਸਨੂੰ ਇੰਡੀਆ ਗਠਜੋੜ ਕਿਹਾ ਹੈ, ਕੀ ਸਿਰਫ਼ ਇਸ ਲਈ ਹੁਣ ਕੇਂਦਰ ਦੇਸ਼ ਦਾ ਨਾਮ ਬਦਲ ਦੇਵੇਗਾ? ਦੇਸ਼ 140 ਕਰੋੜ ਲੋਕਾਂ ਦਾ ਹੈ ਨਾ ਕਿ ਇੱਕ ਪਾਰਟੀ ਦਾ। ਜੇਕਰ ਗਠਜੋੜ ਦਾ ਨਾਮ ਬਦਲ ਕੇ ‘ਭਾਰਤ’ ਰੱਖਿਆ ਜਾਂਦਾ ਹੈ ਤਾਂ ਕੀ ਉਹ ਭਾਰਤ ਦਾ ਨਾਮ ਬਦਲ ਕੇ ‘ਭਾਜਪਾ’ ਕਰ ਦੇਣਗੇ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਕਦਮ ਨੂੰ ‘ਦੇਸ਼ਧ੍ਰੋਹ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਭਾਜਪਾ ਨੇ ਅਜਿਹੇ ਬਦਲਾਅ ਇਸ ਲਈ ਕੀਤੇ ਕਿਉਂਕਿ ਉਹ ਗਠਜੋੜ ਤੋਂ ਡਰਦੀ ਹੈ। ਉਨ੍ਹਾਂ ਅੱਗੇ ਕਿਹਾ, “ਇਹ ਕੀ ਮਜ਼ਾਕ ਹੈ? ਇਹ ਸਾਡਾ ਦੇਸ਼ ਹੈ। ਸਾਡਾ ਇੱਕ ਪ੍ਰਾਚੀਨ ਸੱਭਿਆਚਾਰ ਹੈ।”

ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਪਹਿਲੀ ਵਾਰ ਗਠਜੋੜ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਨੇ ਆਪਣੇ ‘ਇੱਕ ਦੇਸ਼, ਇੱਕ ਚੋਣ’ ਵਾਲੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, “ਇਹ ਲੋਕਾਂ ਨੂੰ ਕਿਵੇਂ ਲਾਭ ਪਹੁੰਚਾਏਗਾ? ਇਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਵੇਂ ਫਾਇਦਾ ਪਹੁੰਚਾਏਗਾ? ਕੀ ਇਸ ਨਾਲ ਮਹਿੰਗਾਈ, ਬੇਰੁਜ਼ਗਾਰੀ ਵਿੱਚ ਕਮੀ ਆਵੇਗੀ?”

ਮੰਗਲਵਾਰ ਨੂੰ ਕਾਂਗਰਸ ਵੱਲੋਂ ਰਾਸ਼ਟਰਪਤੀ ਨੂੰ ਇੰਡੀਆ ਦਾ ਨਹੀਂ, ਸਗੋਂ ‘ਭਾਰਤ ਦਾ ਰਾਸ਼ਟਰਪਤੀ’ ਦੱਸਦਿਆਂ ਵਿਦੇਸ਼ੀ ਪਤਵੰਤਿਆਂ ਨੂੰ ਭੇਜੇ ਗਏ ਸੱਦੇ ‘ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਹੈ।

ਜੈਰਾਮ ਰਮੇਸ਼, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਕੇਸੀ ਵੇਣੂਗੋਪਾਲ ਸਮੇਤ ਕਾਂਗਰਸ ਨੇਤਾਵਾਂ ਨੇ ਐਕਸ ‘ਤੇ ਜਾ ਕੇ ਰਾਸ਼ਟਰਪਤੀ ਭਵਨ ਦੁਆਰਾ ਕਥਿਤ ਤੌਰ ‘ਤੇ ਜਾਰੀ ਕੀਤੇ ਜਾਣ ਵਾਲੇ ਸੱਦੇ ਦਾ ਇੱਕ ਸਨੈਪਸ਼ਾਟ ਵੀ ਸਾਂਝਾ ਕੀਤਾ ਹੈ।

ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਲਈ ਖ਼ਬਰ ਸੱਚਮੁੱਚ ਸੱਚ ਹੈ। ਰਾਸ਼ਟਰਪਤੀ ਭਵਨ ਨੇ ਆਮ ‘ਇੰਡੀਆ ਦੇ ਰਾਸ਼ਟਰਪਤੀ’ ਦੀ ਬਜਾਏ ‘ਭਾਰਤ ਦੇ ਰਾਸ਼ਟਰਪਤੀ’ ਦੇ ਨਾਮ ‘ਤੇ 9 ਸਤੰਬਰ ਨੂੰ ਜੀ-20 ਡਿਨਰ ਲਈ ਸੱਦਾ ਭੇਜਿਆ ਹੈ। ਹੁਣ ਸੰਵਿਧਾਨ ਦੀ ਧਾਰਾ 1 ਪੜ੍ਹੀ ਜਾ ਸਕਦੀ ਹੈ: ‘ਭਾਰਤ, ਜੋ ਇੰਡੀਆ ਸੀ’, ਰਾਜਾਂ ਦਾ ਸੰਘ ਹੋਵੇਗਾ। ਪਰ ਹੁਣ ਇਹ ‘ਯੂਨੀਅਨ ਆਫ ਸਟੇਟਸ’ ਵੀ ਹਮਲੇ ਦੀ ਮਾਰ ਹੇਠ ਹੈ।”

ਪਿਛਲੇ ਦਿਨੀਂ ਭਾਜਪਾ ਦੇ ਕਈ ਨੇਤਾਵਾਂ ਨੇ ‘ਇੰਡੀਆ’ ਦਾ ਨਾਂ ਬਦਲ ਕੇ ‘ਭਾਰਤ’ ਕਰਨ ਦੀ ਮੰਗ ਉਠਾਈ ਹੈ।

ਹਾਲ ਹੀ ਵਿੱਚ ਸਮਾਪਤ ਹੋਏ ਮਾਨਸੂਨ ਸੈਸ਼ਨ ਵਿੱਚ ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰ ਨਰੇਸ਼ ਬਾਂਸਲ ਨੇ ਕਿਹਾ ਸੀ ਕਿ ‘ਇੰਡੀਆ’ ਨਾਮ ‘ਬਸਤੀਵਾਦੀ ਗੁਲਾਮੀ’ ਦਾ ਪ੍ਰਤੀਕ ਹੈ ਅਤੇ ਇਸ ਨੂੰ ਸੰਵਿਧਾਨ ਵਿੱਚੋਂ ਹਟਾ ਦੇਣਾ ਚਾਹੀਦਾ ਹੈ।

ਇਸ ਦੌਰਾਨ, ਸੁਪਰੀਮ ਕੋਰਟ ਨੇ ਪਹਿਲਾਂ ਇੰਡੀਆ ਦਾ ਨਾਮ ਬਦਲ ਕੇ ਭਾਰਤ ਕਰਨ ਵਾਲੀ ਮੰਗ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।