ਭਾਰਤ ਦੀ ਹਰੀ ਕ੍ਰਾਂਤੀ ਦੇ ਪਿਤਾਮਾ ਐੱਮ.ਐੱਸ. ਸਵਾਮੀਨਾਥਨ ਦਾ 98 ਸਾਲ ਦੀ ਉਮਰ ਵਿੱਚ ਦਿਹਾਂਤ

ਐੱਮ.ਐੱਸ.ਸਵਾਮੀਨਾਥਨ ਨੇ ਥੋੜ੍ਹੇ ਵਕਫ਼ੇ ਵਿੱਚ ਹੀ ਭਾਰਤੀ ਕਣਕ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ

1943 ਵਿੱਚ ਮਨੁੱਖੀ ਦਖਲਅੰਦਾਜੀ ਕਾਰਨ ਵਾਪਰੇ ਬੰਗਾਲ ਦੇ ਅਕਾਲ ਨੇ ਲਗਭਗ 3 ਮਿਲੀਅਨ ਲੋਕਾਂ ਦੀ ਭੁੱਖਮਰੀ ਕਾਰਨ ਜਾਨ ਲੈ ਲਈ। ਉਸ ਸਮੇਂ ਐੱਮ.ਐੱਸ. ਸਵਾਮੀਨਾਥਨ ਮੈਡੀਕਲ ਵਿਦਿਆਰਥੀ ਸਨ। ਇਸ ਸਭ ਨੂੰ ਦੇਖਕੇ ਅਤੇ ਇਸ ਵਰਤਾਰੇ ਨੂੰ ਬਦਲਣ ਦੀ ਭਾਵਨਾ ਰਖਦੇ ਹੋਏ ਉਹਨਾਂ ਨੇ ਖੇਤੀ ਦਾ ਅਧਿਐਨ ਕਰਨ ਲਈ ਆਪਣੀ ਪੜਾਈ ਨੂੰ ਜੈਨੇਟਿਕਸ ਸਮੇਤ ਪ੍ਰਜਨਨ ਵਿੱਚ ਬਦਲ ਕੇ ਇਸ ਖੇਤਰ ਵਿੱਚ ਮੁਹਾਰਤ ਹਾਸਲ ਕੀਤੀ।

ਭਾਰਤ ਦੀ ਹਰੀ ਕ੍ਰਾਂਤੀ ਦੇ ਆਰਕੀਟੈਕਟ, ਐੱਮ.ਐੱਸ. ਸਵਾਮੀਨਾਥਨ ਦਾ ਵੀਰਵਾਰ ਨੂੰ ਚੇਨਈ ਵਿੱਚ ਦੇਹਾਂਤ ਹੋ ਗਿਆ। ਉਹ ਇੱਕ ਦੁਰਲੱਭ ਵਿਗਿਆਨਕ ਪ੍ਰਕਾਸ਼ਕ ਸਨ ਜਿਨ੍ਹਾਂ ਨੇ ਭਾਰਤ ਵਿੱਚ ਰਹਿਣ ਅਤੇ ਕੰਮ ਕਰਨ ਦੀ ਚੋਣ ਕੀਤੀ। ਉਹ 98 ਸਾਲ ਦੇ ਸਨ।

ਸਵਾਮੀਨਾਥਨ ਨੇ ਥੋੜ੍ਹੇ ਸਮੇਂ ਵਿੱਚ ਹੀ ਭਾਰਤੀ ਕਣਕ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹਨਾਂ ਦੇਸ਼ ਨੂੰ ਅਮਰੀਕਾ ਦੀ ਖੁਰਾਕ ਸਹਾਇਤਾ ਸਬੰਧੀ ਨਿਰਭਰਤਾ ਤੋਂ ਬਾਹਰ ਕੱਢਿਆ। ਇਸ ਤਰਾਂ 1966 ਵਿੱਚ ਵੀ ਭਾਰਤ ਨੇ ਇੱਕ ਗੰਭੀਰ ਅਕਾਲ  (ਸੋਕੇ) ਦਾ ਸਾਹਮਣਾ ਕਰਨ ਦੇ ਬਾਵਜ਼ੂਦ 10 ਮਿਲੀਅਨ ਟਨ ਕਣਕ ਦੀ ਦਰਾਮਦ ਕੀਤੀ।

ਹਰੀ ਕ੍ਰਾਂਤੀ 1965 ਵਿੱਚ ਸ਼ੁਰੂ ਹੋਈ ਜੋ ਉੱਤਰੀ ਭਾਰਤ ਵਿੱਚ ਕਿਸਾਨਾਂ ਲਈ ਵਧੇਰੇ-ਉਪਜ ਵਾਲੀਆਂ ਬੌਣੀ ਕਿਸਮਾਂ ਦੀਆਂ ਕਣਕਾਂ ਨੂੰ ਪੇਸ਼ ਕਰਨ ‘ਤੇ ਕੇਂਦਰਿਤ ਸੀ। ਉਨ੍ਹਾਂ ਨੂੰ ਵੱਧ ਤੋਂ ਵੱਧ ਝਾੜ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਨਾਲ ਉਗਾਇਆ ਗਿਆ ਅਤੇ ਕਿਸਾਨਾਂ ਨੂੰ ਗਾਰੰਟੀਸ਼ੁਦਾ ਮੁੱਲ ਦਾ ਭਰੋਸਾ ਦਿੱਤਾ ਗਿਆ ਸੀ।

ਐੱਮ.ਐੱਸ. ਸਵਾਮੀਨਾਥਨ ਦੇ ਦ੍ਰਿਸ਼ਟੀਕੋਣ ਨੇ ਭਾਰਤ ਨੂੰ ਇਕ ਭੀਖ ਮੰਗਣ ਵਾਲੇ ਦੇਸ਼ ਤੋਂ ਰਾਤੋ-ਰਾਤ ਰੱਜੇ-ਪੁੱਜੇ ਦੇਸ਼ ਵਿੱਚ ਬਦਲ ਦਿੱਤਾ। ਵਰਲਡ ਫੂਡ ਫਾਉਂਡੇਸ਼ਨ ਨੇ ਉਹਨਾਂ ਨੂੰ 1987 ਵਿੱਚ ਆਪਣੇ ਪਹਿਲੇ ਵਿਸ਼ਵ ਫੂਡ ਪੁਰਸਕਾਰ ਜੇਤੂ ਵਜੋਂ ਸਨਮਾਨਿਤ ਕੀਤਾ। 1971 ਵਿੱਚ ਉਹਨਾਂ ਨੂੰ ਰਮੋਨ ਮੈਗਸੇਸੇ ਪੁਰਸਕਾਰ ਨਾਲ ਪਹਿਲੇ ਦਰਜੇ ਦੇ ਵਿਗਿਆਨੀ ਅਤੇ ਮਾਨਵਤਾਵਾਦੀ ਹੋਣ ਵਜੋਂ ਵੀ ਸਨਮਾਨਿਤ ਕੀਤਾ ਗਿਆ।

ਸਵਾਮੀਨਾਥਨ ਨੇ ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ 2014 ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੋਹੇਂਜੋ-ਦਾੜੋ ਦੇ ਸਮੇਂ ਤੋਂ ਲੈਕੇ ਭਾਰਤੀ ਉਪ ਮਹਾਂਦੀਪ ਵਿੱਚ ਕਣਕ ਦੀ ਕਾਸ਼ਤ ਦੇ ਜਾਣੇ-ਪਛਾਣੇ ਇਤਿਹਾਸ ਦੇ 4,000 ਸਾਲਾਂ ਵਿੱਚ ਪ੍ਰਾਪਤ ਕੀਤੀ ਇਹ ਉਪਜ, ਚਾਰ ਸਾਲਾਂ ਭਾਵ 1964 ਤੋਂ 1968 ਵਿੱਚ ਦੁੱਗਣੀ ਹੋ ਗਈ ਸੀ।

ਕਣਕ ਦੀ ਕ੍ਰਾਂਤੀ ਨੂੰ ਬਾਅਦ ਵਿੱਚ ਚੌਲ, ਮੱਕੀ, ਜੁਆਰ ਅਤੇ ਆਲੂ ਵਰਗੀਆਂ ਫਸਲਾਂ ਵਿੱਚ ਵੀ ਦੁਹਰਾਇਆ ਗਿਆ। ਭਾਰਤੀ ਕਿਸਾਨਾਂ ਨੂੰ ਨਵੀਆਂ ਕਿਸਮਾਂ ਪੇਸ਼ ਕਰਨ ਲਈ ਸਵਾਮੀਨਾਥਨ ਨੇ 1950 ਦੇ ਦਹਾਕੇ ਵਿੱਚ ਖੇਤੀ ਵਿਗਿਆਨੀ ਅਤੇ ਪੌਦ ਬਰੀਡਰ ਨੌਰਮਨ ਬੋਰਲੌਗ ਨਾਲ ਮਿਲ ਕੇ ਕੰਮ ਕੀਤਾ। ਬੋਰਲੌਗ ਨੇ ਮੈਕਸੀਕੋ, ਭਾਰਤ ਅਤੇ ਪਾਕਿਸਤਾਨ ਵਿੱਚ ਕਣਕ ਦੀਆਂ ਨਵੀਆਂ ਕਿਸਮਾਂ ‘ਤੇ ਕੰਮ ਕਰਨ ਲਈ 1970 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ।

ਐੱਮ.ਐੱਸ. ਸਵਾਮੀਨਾਥਨ ਪੌਦਿਆਂ ਦੀਆਂ ਬ੍ਰੀਡਾਂ ਨਾਲ ਹੀ ਸਬੰਧਿਤ ਨਹੀਂ ਸਨ ਬਲਕਿ ਇੱਕ ਉਤਸੁਕ ਪ੍ਰਸ਼ਾਸਕ ਵੀ ਸਨ ਜਿਨ੍ਹਾਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਅਗਵਾਈ ਕੀਤੀ ਅਤੇ ਭਾਰਤ ਭਰ ਦੇ ਕਿਸਾਨਾਂ ਨਾਲ ਨੇੜਿਓਂ ਕੰਮ ਕੀਤਾ। ਉਹ ਖੇਤੀਬਾੜੀ ਮੰਤਰਾਲੇ (1979-80) ਵਿੱਚ ਪ੍ਰਮੁੱਖ ਸਕੱਤਰ ਰਹੇ। ਉਹ ਯੋਜਨਾ ਕਮਿਸ਼ਨ (1980-82) ਦੇ ਮੈਂਬਰ ਅਤੇ ਫਿਲੀਪੀਨਜ਼ ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਵੀ ਰਹੇ।

ਐੱਮ.ਐੱਸ. ਸਵਾਮੀਨਾਥਨ ਕਿਸਾਨਾਂ ਵਿੱਚ ਅਕਸਰ ਸੁਣਿਆ ਜਾਣ ਵਾਲਾ ਨਾਮ ਹੈ ਜੋ ਕਿ ਇੱਕ ਵਿਗਿਆਨੀ ਦੀ ਵਿਲੱਖਣ ਪ੍ਰਾਪਤੀ ਹੈ। ਅਜਿਹਾ ਇਸ ਕਰਕੇ ਵੀ ਹੈ ਕਿ ਉਸਨੇ 2004 ਅਤੇ 2006 ਦੇ ਵਿਚਕਾਰ ਸਰਕਾਰ ਨੂੰ ਖੇਤੀ, ਲਾਗਤ ਅਤੇ ਕਿਸਾਨੀ ਆਮਦਨ ਵਗੈਰਾ ਨਾਲ ਸਬੰਧੀ ਕਈ ਰਿਪੋਰਟਾਂ ਸੌਂਪੀਆਂ ਜਾਂ ਤਜਵੀਜ਼ ਕੀਤੀਆਂ ਸਨ।

ਨੈਸ਼ਨਲ ਕਮਿਸ਼ਨ ਆਫ਼ ਫਾਰਮਰਜ਼ ਦੇ ਚੇਅਰਮੈਨ ਵਜੋਂ, ਸਵਾਮੀਨਾਥਨ ਰਿਪੋਰਟ ਨੇ ਕਿਸਾਨੀ ਸੰਕਟ ਦੇ ਕਾਰਨਾਂ ਦੀ ਜਾਂਚ ਕੀਤੀ। ਇਸ ਦੀਆਂ ਸਿਫ਼ਾਰਸ਼ਾਂ ਵਿੱਚੋਂ ਇੱਕ ਇਹ ਸੀ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਔਸਤ ਉਤਪਾਦਨ ਲਾਗਤਾਂ ਨਾਲੋਂ ਘੱਟੋ-ਘੱਟ 50% ਵੱਧ ਹੋਣਾ ਚਾਹੀਦਾ ਹੈ ਜੋ ਕਿ ਹੁਣ ਵੀ ਭਾਰਤ ਭਰ ਦੀਆਂ ਕਿਸਾਨ ਯੂਨੀਅਨਾਂ ਦੀ ਇੱਕ ਮੁੱਢਲੀ ਮੰਗ ਹੈ। ਘੱਟੋ-ਘੱਟ ਸਮਰਥਨ ਮੁੱਲ ਉਹ ਕੀਮਤ ਹੈ ਜਿਸ ‘ਤੇ ਸਰਕਾਰ ਕਿਸਾਨਾਂ ਤੋਂ ਸਿੱਧੀਆਂ ਫਸਲਾਂ ਖਰੀਦਦੀ ਹੈ।

ਸਿਰਫ਼ ਇਹੀ ਨਹੀਂ ਐੱਮ.ਐੱਸ. ਸਵਾਮੀਨਾਥਨ ਨੂੰ ਇਸ ਖੇਤਰ ਵਿੱਚ ਖੁਦ ਵੀ ਕੁਝ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਜੈਨੇਟਿਕਲੀ ਮੋਡੀਫਾਈਡ (ਜੀਐੱਮ) ਕਪਾਹ ਜੋ 2004 ਵਿੱਚ ਭਾਰਤੀ ਕਿਸਾਨਾਂ ਲਈ ਪੇਸ਼ ਕੀਤੀ ਗਈ ਸੀ, ਨੂੰ ਅਸਫਲ ਕਰਾਰ ਦੇਣ ਅਤੇ 2018 ਦੇ ਇੱਕ ਪੇਪਰ ਵਿੱਚ ਜੀਐੱਮ ਬੈਂਗਣ ਅਤੇ ਸਰ੍ਹੋਂ ਦੀ ਸੁਰੱਖਿਆ ‘ਤੇ ਸਵਾਲ ਉੱਠਣ ਤੋਂ ਬਾਅਦ, ਸਵਾਮੀਨਾਥਨ ਵਿਗਿਆਨਕ ਭਾਈਚਾਰੇ ਦੀ ਆਲੋਚਨਾ ਦਾ ਕੇਂਦਰ ਬਣ ਗਏ। ਉਹਨਾਂ ਨੇ ਬਾਅਦ ਵਿੱਚ ਸਾਇੰਸ ਜਰਨਲ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਲੋਕਾਂ ਨੂੰ ਤਕਨਾਲੋਜੀ ਦੀ ਪੂਜਾ ਨਹੀਂ ਕਰਨੀ ਚਾਹੀਦੀ।

ਵਾਤਾਵਰਣ ਅਤੇ ਜੈਵਿਕ ਖੇਤੀ ਦੇ ਸ਼ੌਕੀਨ ਪ੍ਰੈਕਟੀਸ਼ਨਰਾਂ ਨੇ ਕਿਸਾਨਾਂ ਦੁਆਰਾ ਰਸਾਇਣਕ ਪੌਸ਼ਟਿਕ ਤੱਤਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਮਿੱਟੀ ਅਤੇ ਪਾਣੀ ਵਰਗੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਨਿਭਾਈ ਗਈ ਭੂਮਿਕਾ ਲਈ ਹਰੀ ਕ੍ਰਾਂਤੀ ਦੀ ਵਿਰਾਸਤ ਸਬੰਧੀ ਵਾਰ-ਵਾਰ ਆਲੋਚਨਾ ਕੀਤੀ ਹੈ।