ਸਰਕਾਰ ਦੀ ਹੁਣ ਵਟਸਐਪ ਚੈਟ ‘ਤੇ ਨਜ਼ਰ

ਸਰਕਾਰ ਨੇ ਕੀਤਾ ਵਾਇਰਲ ਦਾਅਵੇ ਨੂੰ ਖਾਰਜ

ਸਰਕਾਰ ਨੇ ਇੱਕ ਅਜਿਹੇ ਵਾਇਰਲ ਦਾਅਵੇ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਚੈਟਾਂ ਦੀ ਨਿਗਰਾਨੀ ਲਈ ਨਵੇਂ ਵਟਸਐਪ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪ੍ਰੈਸ ਇੰਫਰਮੇਸ਼ਨ ਬਿਊਰੋ ਭਾਵ ਪੀਆਈਬੀ ਨੇ ਸਪੱਸ਼ਟ ਕੀਤਾ ਹੈ ਕਿ ਵਟਸਐਪ ਚੈਟ ‘ਤੇ ਤਿੰਨ ਟਿੱਕ ਦਿਖਾਈ ਦੇਣ ਦਾ ਮਤਲਬ ਹੋਵੇਗਾ ਕਿ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਵਰਗਾ ਇਹ ਦਾਅਵਾ ਫਰਜ਼ੀ ਹੈ ਤੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਬਾਰੇ ਅਜਿਹਾ ਕੋਈ ਵੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਸਰਕਾਰ ਦਾ ਇਹ ਸਪੱਸ਼ਟੀਕਰਨ ਕਥਿਤ ਵਾਇਰਲ ਹੋ ਰਹੇ ਵਟਸਐਪ ਸੰਦੇਸ਼ ਤੋਂ ਬਾਅਦ ਆਇਆ ਹੈ।

ਕੀ ਹੈ ਵਾਇਰਲ ਦਾਅਵੇ ਦਾ ਸੱਚ?

ਭਾਵੇਂ ਕਿ ਵਾਇਰਲ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਸੰਦੇਸ਼ ਦੇ ਟਿੱਕ ਤਿੰਨ ਨੀਲੇ ਚੈਕਾਂ ਵਿੱਚ ਬਦਲ ਜਾਂਦੇ ਹਨ ਤਾਂ ਇਸਦਾ ਮਤਲਬ ਹੈ ਕਿ ਸਰਕਾਰ ਨੇ ਚੈਟਾਂ ਦਾ ਨੋਟਿਸ ਲਿਆ ਹੈ। ਇਸ ਨੇ ਅੱਗੇ ਦਾਅਵਾ ਕੀਤਾ ਕਿ ਦੋ ਨੀਲੇ ਅਤੇ ਇੱਕ ਲਾਲ ਟਿੱਕ ਦਾ ਮਤਲਬ ਹੋਵੇਗਾ ਕਿ ਸਰਕਾਰ ਯੂਜਰ ਖਿਲਾਫ ਕਾਰਵਾਈ ਕਰ ਸਕਦੀ ਹੈ; ਇੱਕ ਨੀਲੇ ਅਤੇ ਦੋ ਲਾਲ ਟਿੱਕ ਦਾ ਮਤਲਬ ਹੈ ਕਿ ਸਰਕਾਰ ਯੂਜਰ ਡੇਟਾ ਦੀ ਜਾਂਚ ਕਰ ਰਹੀ ਹੈ ਅਤੇ ਤਿੰਨ ਲਾਲ ਟਿੱਕ ਦਾ ਭਾਵ ਹੈ ਕਿ ਯੂਜਰ ਖਿਲਾਫ ਕਾਰਵਾਈ ਅਰੰਭੀ ਗਈ ਹੈ ਅਤੇ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਾਇਰਲ ਦਾਅਵੇ ਦਾ ਖੰਡਨ?

ਪੀਆਈਬੀ ਦਾਅਵੇ ਨੂੰ ਖਾਰਜ ਕਰਦੇ ਹੋਏ ਨੇ ਕਿਹਾ ਕਿ ਇਹ ਸੰਦੇਸ਼ ਬਨਾਉਟੀ ਹੈ। ਸਰਕਾਰ ਨੇ ਇਸ ਕਿਸਮ ਦੇ ਕੋਈ ਵੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੀ ਇੱਕ ਵਾਇਰਲ ਦਾਅਵਾ ਪਿਛਲੇ ਸਾਲ ਅਗਸਤ ਵਿੱਚ ਵੀ ਸਾਹਮਣੇ ਆਇਆ ਸੀ ਜਿਸਦਾ ਕਿ ਪੀਆਈਬੀ ਨੇ ਖੰਡਨ ਵੀ ਕੀਤਾ ਸੀ।

ਕੀ ਹੈ ਵਟਸਐਪ ਦੀ ਨੀਤੀ?

ਮੈਟਾ-ਮਲਕੀਅਤ ਵਾਲਾ ਵਟਸਐਪ ਪਲੇਟਫਾਰਮ ਕਹਿੰਦਾ ਹੈ ਕਿ ਇਸ ਦੀਆਂ ਚੈਟਾਂ ਐਂਡ-ਟੂ-ਐਂਡ ਐਨਕ੍ਰਿਪਟਡ ਹਨ। ਵਟਸਐਪ ਦੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਵਟਸਐਪ ਮੈਸੇਂਜਰ ਦੀ ਵਰਤੋਂ ਕਰਦੇ ਹੋਏ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਦੇ ਹੋ। ਐਂਡ-ਟੂ-ਐਂਡ ਏਨਕ੍ਰਿਪਸ਼ਨ ਦਾ ਭਾਵ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਸਿਰਫ਼ ਉਹ ਵਿਅਕਤੀ ਹੀ ਭੇਜੇ ਗਏ ਸੁਨੇਹੇ ਨੂੰ ਪੜ੍ਹ ਜਾਂ ਸੁਣ ਸਕਦੇ ਹਨ ਅਤੇ ਵਿਚਕਾਰ ਕੋਈ ਵੀ ਨਹੀਂ ਰਹਿੰਦਾ, ਇੱਥੋਂ ਤੱਕ ਕਿ ਵਟਸਐਪ ਖੁਦ ਵੀ ਨਹੀਂ। ਇਸ ਦੀ ਜਾਣਕਾਰੀ ਪਲੇਟਫਾਰਮ ਨੇ ਆਪਣੀ ਵੈੱਬਸਾਈਟ ‘ਤੇ ਦਿੱਤੀ ਹੋਈ ਹੈ। ਐਂਡ-ਟੂ-ਐਂਡ ਐਨਕ੍ਰਿਪਸ਼ਨ ਮੈਸੇਜਿੰਗ ਪਲੇਟਫਾਰਮ ‘ਤੇ ਇਕ ਸਵੈਚਾਲਿਤ ਵਿਸੇਸ਼ਤਾ ਹੈ ਜਿਸ ਦੀ ਵਜ੍ਹਾ ਨਾਲ ਨਿੱਜੀ ਵਟਸਐਪ ਚੈਟਾਂ ਨੂੰ ਸੁਰੱਖਿਅਤ ਕਰਨ ਲਈ ਕਿਸੇ ਵਿਸ਼ੇਸ਼ ਸੈਟਿੰਗ ਦੇ ਚਾਲੂ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ ਹੈ।