ਏਸ਼ੀਆਈ ਖੇਡਾਂ ਵਿੱਚ ਨੇਪਾਲ ਨੇ ਮੰਗੋਲੀਆ ਨੂੰ ਹਰਾ ਕੇ ਟੀ-20 ਕ੍ਰਿਕਟ ਦੇ ਕਈ ਰਿਕਾਰਡ ਤੋੜੇ

ਨੇਪਾਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 300 ਦੌੜਾਂ ਬਣਾਉਣ ਦਾ ਰਿਕਾਰਡ ਬਣਾਉਣ ਵਾਲੀ ਟੀਮ ਬਣ ਕੇ ਉੱਭਰੀ

ਨੇਪਾਲ ਕ੍ਰਿਕੇਟ ਦੇ ਇਤਿਹਾਸ ਵਿੱਚ ਪਹਿਲੀ ਪੁਰਸ਼ ਟੀਮ ਬਣ ਗਈ ਹੈ ਜਿਸਨੇ ਇੱਕ ਟੀ-20 ਅੰਤਰਰਾਸ਼ਟਰੀ ਫਾਰਮੈਟ ਵਿੱਚ 300 ਤੋਂ ਵੱਧ ਦੌੜਾਂ ਬਣਾਈਆਂ ਹਨ। ਟੀਮ ਨੇ ਸਿਰਫ਼ ਇਹੀ ਕਾਰਨਾਮਾ ਨਹੀਂ ਕੀਤਾ ਬਲਕਿ ਉਸਨੇ ਏਸ਼ੀਆਈ ਖੇਡਾਂ ਵਿੱਚ ਮੰਗੋਲੀਆ ਖਿਲਾਫ ਖੇਡਦੇ ਹੋਏ ਕਈ ਰਿਕਾਰਡ ਤੋੜੇ ਅਤੇ ਕ੍ਰਿਕਟ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ।

ਨੇਪਾਲ ਦੀ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਹਾਂਗਜ਼ੂ ਵਿੱਚ ਆਪਣੇ 20 ਓਵਰਾਂ ਦੇ ਮੈਚ ਵਿੱਚ ਤਿੰਨ ਵਿਕਟਾਂ ‘ਤੇ 314 ਦੌੜਾਂ ਬਣਾ ਲਈਆਂ ਅਤੇ 2019 ਵਿੱਚ ਅਫਗਾਨਿਸਤਾਨ ਦੁਆਰਾ ਆਇਰਲੈਂਡ ਵਿਰੁੱਧ ਤਿੰਨ ਵਿਕਟਾਂ ‘ਤੇ 278 ਦੌੜਾਂ ਦੇ ਪਿਛਲੇ ਸਰਵਉੱਚ ਸਕੋਰ ਜਾਂ ਰਿਕਾਰਡ ਨੂੰ ਪਾਰ ਕਰ ਲਿਆ।

ਕੁਸ਼ਲ ਮੱਲਾ ਨੇ ਤੀਜੇ ਨੰਬਰ ‘ਤੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਸਿਰਫ 34 ਗੇਂਦਾਂ ‘ਤੇ ਸਭ ਤੋਂ ਤੇਜ਼ ਟੀ-20 ਅੰਤਰਰਾਸ਼ਟਰੀ ਸੈਂਕੜਾ ਬਣਾ ਕੇ ਟੀਮ ਦੀ ਅਗਵਾਈ ਕੀਤੀ।

ਉਸ ਤੋਂ ਬਾਅਦ ਦੀਪੇਂਦਰ ਸਿੰਘ ਐਰੀ ਦਾ ਨੰਬਰ ਆਇਆ, ਜਿਸ ਨੇ ਮੰਗੋਲੀਆਈ ਗੇਂਦਬਾਜ਼ਾਂ ਦੇ ਖਿਲਾਫ ਹਾਸੋਹੀਣੇ ਅੰਦਾਜ਼ ਵਿਚ ਆਪਣੀ ਪਾਰੀ ਨੂੰ ਜਬਰਦਸਤ ਅਂਦਾਜ਼ ’ਚ ਖਤਮ ਕੀਤਾ। ਉਸਨੇ ਸਿਰਫ 10 ਗੇਂਦਾਂ ‘ਤੇ ਅਜੇਤੂ 52 ਦੌੜਾਂ ਬਟੋਰਦੇ ਹੋਏ ਅੱਠ ਛੱਕੇ ਲਗਾਏ।

ਉਸਨੇ ਨੌਂ ਗੇਂਦਾਂ ਵਿੱਚ 50 ਦੌੜਾਂ ਬਣਾਈਆਂ ਅਤੇ ਇੱਕ ਹੋਰ ਵਿਸ਼ਵ ਰਿਕਾਰਡ ਬਣਾਇਆ। ਉਸਨੇ ਭਾਰਤ ਦੇ ਯੁਵਰਾਜ ਸਿੰਘ ਦੁਆਰਾ ਇੰਗਲੈਂਡ ਖਿਲਾਫ 2007 ਵਿੱਚ 12 ਗੇਂਦਾਂ ’ਤੇ ਬਣਾਈਆਂ 50 ਦੌੜਾਂ ਦੇ ਰਿਕਾਰਡ ਨੂੰ ਵੀ ਤੋੜ ਕੇ ਰੱਖ ਦਿੱਤਾ।

ਮੰਗੋਲੀਆ, ਜਿਸ ਦੀ ਮਹਿਲਾ ਟੀਮ ਪਿਛਲੇ ਹਫਤੇ ਏਸ਼ੀਆਈ ਖੇਡਾਂ ‘ਚ ਸਿਰਫ 15 ਦੌੜਾਂ ‘ਤੇ ਆਊਟ ਹੋ ਗਈ ਸੀ, ਹੁਣ ਉਸਦੀ ਪੁਰਸ਼ ਟੀਮ ਵੀ ਸਿਰਫ 41 ਦੌੜਾਂ ‘ਤੇ ਆਊਟ ਹੋ ਗਈ ਸੀ।

ਹਰਫਨਮੌਲਾ ਕੁਸ਼ਲ ਮੱਲਾ

ਜਦੋਂ ਕੁਸ਼ਲ ਮੱਲਾ ਬੱਲੇਬਾਜ਼ੀ ਲਈ ਆਇਆ ਤਾਂ ਨੇਪਾਲ ਦੀਆਂ 4.5 ਓਵਰਾਂ ਵਿੱਚ ਇੱਕ ਵਿਕਟ ’ਤੇ 42 ਦੌੜਾਂ ਸਨ। ਉਸ ਪਿੱਛੋਂ ਉਸ ਦੀਆਂ 50 ਗੇਂਦਾਂ ਵਿੱਚ 137 ਦੌੜਾਂ, ਏਰੀ ਅਤੇ ਪੌਡੇਲ ਦੇ ਅਰਧ ਸੈਂਕੜੇ ਦੀ ਸਹਾਇਤਾ ਨਾਲ ਨੇਪਾਲ ਦੀ ਪਾਰੀ ਨੂੰ ਅੰਤ ਤੱਕ 15 ਓਵਰਾਂ ਵਿੱਚ 272 ਦੌੜਾਂ ਤੱਕ ਲੈ ਗਈ।

ਕੁਸ਼ਲ ਮੱਲਾ ਨੇ 274 ਦੀ ਸਟ੍ਰਾਈਕ ਰੇਟ ਨਾਲ 12 ਛੱਕੇ ਅਤੇ ਅੱਠ ਚੌਕੇ ਲਗਾਏ ਅਤੇ ਹੁਣ ਉਹ 19 ਸਾਲ ਤੇ 206 ਦਿਨ ਦੀ ਉਮਰ ਵਿੱਚ ਪੁਰਸ਼ਾਂ ਦੇ ਟੀ-20 ਫਾਰਮੈਟ ’ਚ ਸੈਂਕੜਾ ਲਗਾਉਣ ਵਾਲਾ ਦੂਜਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ।

ਸਭ ਤੋਂ ਤੇਜ਼ ਟੀ-20 ਸੈਂਕੜੇ ਦਾ ਪਿਛਲਾ ਰਿਕਾਰਡ ਦੱਖਣੀ ਅਫ਼ਰੀਕਾ ਦੇ ਡੇਵਿਡ ਮਿਲਰ ਦੇ ਨਾਂ ਸੀ, ਜਿਸ ਨੇ 2017 ਵਿੱਚ ਬੰਗਲਾਦੇਸ਼ ਖ਼ਿਲਾਫ਼ 35 ਗੇਂਦਾਂ ਵਿੱਚ ਇਹ ਰਿਕਾਰਡ ਬਣਾਇਆ ਸੀ।

ਨੇਪਾਲ ਦਾ ਰਿਕਾਰਡ ਤੋੜ ਪ੍ਰਦਰਸ਼ਨ

ਇਸ ਮੈਚ ਵਿੱਚ ਨੇਪਾਲ ਨੇ ਮੰਗੋਲੀਆਈ ਟੀਮ ਦੇ ਖਿਲਾਫ ਰਿਕਾਰਡ ਤੋੜ ਦੌੜਾਂ ਬਣਾਈਆਂ। ਇੱਥੇ ਹੋਰ ਵੀ ਉਹਨਾਂ ਸਾਰੇ ਰਿਕਾਰਡਾਂ ਦੀ ਸੂਚੀ ਹੈ ਜੋ ਟੁੱਟ ਗਏ ਹਨ:

• ਪੁਰਸ਼ਾਂ ਦੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਰਵੋਤਮ ਸਕੋਰ: 314-3

• ਸਭ ਤੋਂ ਤੇਜ਼ ਟੀ-20 ਅੰਤਰਰਾਸ਼ਟਰੀ ਸੈਂਕੜਾ: 34 ਗੇਂਦਾਂ

• ਸਭ ਤੋਂ ਤੇਜ਼ ਟੀ-20 ਅੰਤਰਰਾਸ਼ਟਰੀ ਅਰਧ-ਸੈਂਕੜਾ: ਨੌ ਗੇਂਦਾਂ

• ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ: 26

• ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਦਾ ਅੰਤਰ: 273

• 10 ਗੇਂਦਾਂ ਜਾਂ ਇਸ ਤੋਂ ਵੱਧ ’ਚ ਇੱਕ ਪਾਰੀ ਵਿੱਚ ਉੱਚਤਮ ਸਟ੍ਰਾਈਕ ਰੇਟ: 520