ਭਾਰਤ-ਕੈਨੇਡਾ ਵਿਵਾਦ: ਐੱਨਆਈਏ 19 ਹੋਰ ਖਾਲਿਸਤਾਨੀ ਕੱਟੜਪੰਥੀਆਂ ਦੀਆਂ ਜਾਇਦਾਦਾਂ ਕਰੇਗੀ ਜ਼ਬਤ

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਭਾਰਤ ਵਿੱਚ ਜਾਇਦਾਦ ਨੂੰ ਵੀ ਐੱਨਆਈਏ ਨੇ ਕੀਤਾ ਜ਼ਬਤ

ਐੱਨਡੀਟੀਵੀ ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਦੀ ਸੰਘੀ ਅੱਤਵਾਦ ਵਿਰੋਧੀ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਖੁਲਾਸਾ ਕੀਤਾ ਹੈ ਕਿ ਉਹ ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਕੂਟਨੀਤਕ ਤਣਾਅ ਦੇ ਵਿਚਕਾਰ 19 ਹੋਰ ਭਗੌੜੇ ਖਾਲਿਸਤਾਨੀ ਅੱਤਵਾਦੀਆਂ ਦੀਆਂ ਭਾਰਤ ਵਿੱਚ ਜਾਇਦਾਦਾਂ ਨੂੰ ਜ਼ਬਤ ਕਰ ਲੈਣਗੇ।

ਐੱਨਆਈਏ ਨੇ ਇਹ ਕਦਮ ਸ਼ਨੀਵਾਰ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਅਤੇ ਕੈਨੇਡਾ ਸਥਿਤ ਨਾਮਜ਼ਦ ਵਿਅਕਤੀਗਤ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਵੈ-ਸਟਾਇਲ ਜਨਰਲ ਕਾਂਸਲ ਦੇ ਘਰ ਅਤੇ ਜ਼ਮੀਨ ਨੂੰ ਜ਼ਬਤ ਕਰਨ ਤੋਂ ਇੱਕ ਦਿਨ ਬਾਅਦ ਚੁੱਕਿਆ ਹੈ।

ਖਾਲਿਸਤਾਨ ਪੱਖੀ ਨੇਤਾ ਪੰਨੂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਬਾਹਰ ਅਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਵਾਹੀਯੋਗ ਜ਼ਮੀਨ ਦੇ ਇੱਕ ਖੇਤ ਦੇ ਨੇੜੇ “ਜਾਇਦਾਦ ਜ਼ਬਤੀ” ਦੇ ਨੋਟਿਸ ਲਗਾਏ ਗਏ ਹਨ।

ਗੁਰਪਤਵੰਤ ਸਿੰਘ ਪੰਨੂ ਜਨਤਕ ਫੋਰਮਾਂ ਵਿੱਚ ਸੀਨੀਅਰ ਭਾਰਤੀ ਡਿਪਲੋਮੈਟਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਔਨਲਾਈਨ ਨਫ਼ਰਤੀ ਭਾਸ਼ਣਾਂ ਦੇ ਵੀਡੀਓ ਵਿੱਚ ਸਪੱਸ਼ਟ ਧਮਕੀਆਂ ਦੇਣ ਲਈ ਸੁਰਖੀਆਂ ਵਿੱਚ ਰਹਿੰਦਾ ਆਇਆ ਹੈ। ਉਸਨੇ ਕੈਨੇਡੀਅਨ ਹਿੰਦੂਆਂ ਨੂੰ ਵੀ ਧਮਕੀ ਦਿੱਤੀ, ਉਹਨਾਂ ਨੂੰ ਕੈਨੇਡਾ ਛੱਡਣ ਲਈ ਕਿਹਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਭਾਰਤ ਦਾ ਪੱਖ ਲੈ ਕੇ ‘ਜਿੰਗੋਵਾਦੀ ਪਹੁੰਚ’ ਅਪਣਾਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਭਾਰਤ ਵਿੱਚ ਜਾਇਦਾਦ ਨੂੰ ਵੀ ਐੱਨਆਈਏ ਨੇ ਜ਼ਬਤ ਕਰ ਲਿਆ ਸੀ।

ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਵਿਖੇ ਅਣਪਛਾਤੇ ਹਮਲਾਵਰਾਂ ਦੁਆਰਾ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਕੂਟਨੀਤਕ ਵਿਵਾਦ ਦੇ ਵਿਚਕਾਰ ਇਹ ਸਾਰੀ ਕਾਰਵਾਈ ਕੀਤੀ ਗਈ ਹੈ।