ਕੀ ਡਾਇਬਟੀਜ਼ ਖੰਡ ਕਾਰਨ ਹੁੰਦੀ ਹੈ?

ਡਾਇਬਟੀਜ਼ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਜਰੂਰੀ

ਡਾਇਬਟੀਜ਼ ਤੋਂ ਭਾਵ ਹੈ ਸ਼ੂਗਰ ਜੋ ਕਿ ਇੱਕ ਪੁਰਾਣੀ ਬਿਮਾਰੀ ਹੈ। ਇਹ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਸਾਡਾ ਪੈਨਕ੍ਰੀਅਸ ਲੋੜੀਂਦੀ ਇਨਸੁਲਿਨ ਪੈਦਾ ਕਰਨ ਵਿੱਚ ਅਸਮਰੱਥ ਹੁੰਦਾ ਹੈ ਜਾਂ ਸਰੀਰ ਪੈਦਾ ਹੋਈ ਇਨਸੁਲਿਨ ਦੀ ਪ੍ਰਭਾਵਸ਼ੀਲ ਤਰੀਕੇ ਨਾਲ ਵਰਤੋਂ ਕਰਨ ਵਿੱਚ ਅਸਮਰੱਥ ਹੁੰਦਾ ਹੈ। ਅਇਨਸੁਲਿਨ ਇੱਕ ਹਾਰਮੋਨ ਹੈ ਜੋ ਖੂਨ ਵਿੱਚ ਗਲੂਕੋਜ਼ ਨੂੰ ਕਾਬੂ ਵਿੱਚ ਰਖਦਾ ਹੈ। ਹਾਈਪਰਗਲਾਈਸੀਮੀਆ ਨੂੰ ਬਲੱਡ ਗਲੂਕੋਜ਼ ਅਤੇ ਐਲੀਵੇਟਿਡ ਬਲੱਡ ਡਾਇਬਟੀਜ਼ ਵੀ ਕਿਹਾ ਜਾਂਦਾ ਹੈ। 

ਡਾਇਬਟੀਜ਼ ਕੀ ਹੈ?

ਡਾਇਬੀਟੀਜ਼ ਮਲੇਟਸ ਨੂੰ ਆਮ ਤੌਰ ‘ਤੇ ਡਾਇਬਟੀਜ਼ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਪਾਚਕ ਰੋਗ ਹੁੰਦਾ ਹੈ ਜੋ ਹਾਈ ਬਲੱਡ ਸ਼ੂਗਰ ਦੇ ਕਾਰਨ ਹੁੰਦਾ ਹੈ। ਹਾਰਮੋਨ ਇਨਸੁਲਿਨ ਤੁਹਾਡੇ ਖੂਨ ਦੇ ਪ੍ਰਵਾਹ ਤੋਂ ਸ਼ੂਗਰ ਨੂੰ ਉੱਥੇ ਸਟੋਰ ਕਰਨ ਜਾਂ ਊਰਜਾ ਦੇ ਤੌਰ ‘ਤੇ ਵਰਤੇ ਜਾਣ ਲਈ ਸੈੱਲਾਂ ਤੱਕ ਲੈ ਜਾਂਦਾ ਹੈ। ਸ਼ੂਗਰ ਵਿੱਚ ਵਿਅਕਤੀ ਦਾ ਸਰੀਰ ਜਾਂ ਤਾਂ ਲੋੜੀਂਦੀ ਇਨਸੁਲਿਨ ਨਹੀਂ ਬਣਾਉਂਦਾ ਜਾਂ ਉਸ ਇਨਸੁਲਿਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਵਿੱਚ ਅਸਮਰੱਥ ਹੁੰਦਾ ਹੈ। ਜੇਕਰ ਸ਼ੂਗਰ ਦਾ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਹ ਨਸਾਂ, ਅੱਖਾਂ, ਗੁਰਦਿਆਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। 

ਡਾਇਬਟੀਜ਼ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?

ਡਾਇਬਟੀਜ਼ ਜਾਂ ਸ਼ੂਗਰ ਮੈਟਾਬੋਲਿਜ਼ਮ ਨਾਲ ਜੁੜੀ ਇੱਕ ਬਿਮਾਰੀ ਹੈ ਜੋ ਵਿਅਕਤੀ ਦੇ ਸਰੀਰ ਨੂੰ ਹੌਲੀ-ਹੌਲੀ ਸੁੱਕਾ ਦਿੰਦੀ ਹੈ। ਵਿਅਕਤੀ ਅਚਾਨਕ ਕਮਜ਼ੋਰ ਨਜ਼ਰ ਆਉਣ ਲੱਗਦਾ ਹੈ। ਆਮ ਤੌਰ ‘ਤੇ ਸ਼ੂਗਰ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ। ਇਹ ਤਿੰਨ ਕਿਸਮਾਂ ਹਨ-

ਟਾਈਪ 1 ਡਾਇਬਟੀਜ਼: ਟਾਈਪ 1 ਡਾਇਬਟੀਜ਼ ਇੱਕ ਆਟੋਇਮਿਊਨ ਬਿਮਾਰੀ ਹੈ। ਇਸ ਬਿਮਾਰੀ ਵਿੱਚ ਇਮਿਊਨ ਸਿਸਟਮ ਖੁਦ ਵਿਅਕਤੀ ਦੇ ਪੈਨਕ੍ਰੀਅਸ ਵਿੱਚਲੇ ਟਿਸ਼ੂਆਂ ‘ਤੇ ਹਮਲਾ ਕਰ ਦਿੰਦਾ ਹੈ ਜੋ ਇਨਸੁਲਿਨ ਪੈਦਾ ਕਰਦੇ ਹਨ। ਇਹ ਅਜੇ ਤੱਕ ਪਤਾ ਨਹੀਂ ਹੈ ਕਿ ਇਮਿਊਨ ਸਿਸਟਮ ਪੈਨਕ੍ਰੀਅਸ ਦੇ ਟਿਸ਼ੂਆਂ ‘ਤੇ ਹਮਲਾ ਕਿਉਂ ਕਰਦਾ ਹੈ।

ਟਾਈਪ 2 ਡਾਇਬਟੀਜ਼: ਜਦੋਂ ਸਰੀਰ ਇਨਸੁਲਿਨ ਪ੍ਰਤੀ ਰੋਧਕ ਹੋ ਜਾਂਦਾ ਹੈ ਤਾਂ ਇਹ ਟਾਈਪ 2 ਸ਼ੂਗਰ ਦਾ ਕਾਰਨ ਬਣਦਾ ਹੈ। ਅਜਿਹੇ ‘ਚ ਖੂਨ ‘ਚ ਸ਼ੂਗਰ ਵਧਣ ਲੱਗਦੀ ਹੈ। ਇਹ ਸ਼ੂਗਰ ਦੀ ਸਭ ਤੋਂ ਆਮ ਕਿਸਮ ਹੈ ਅਤੇ 90-95 ਪ੍ਰਤੀਸ਼ਤ ਕੇਸ ਟਾਈਪ-2 ਸ਼ੂਗਰ ਦੇ ਹੁੰਦੇ ਹਨ।

ਗਰਭਕਾਲੀ ਸ਼ੂਗਰ: ਗਰਭ ਅਵਸਥਾ ਦੌਰਾਨ ਹਾਈ ਬਲੱਡ ਸ਼ੂਗਰ ਨੂੰ ਗਰਭਕਾਲੀ ਸ਼ੂਗਰ ਕਿਹਾ ਜਾਂਦਾ ਹੈ। ਇਸ ਕਿਸਮ ਦੀ ਸ਼ੂਗਰ ਪਲੇਸੈਂਟਾ ਪੈਦਾ ਕਰਨ ਵਾਲੇ ਹਾਰਮੋਨਾਂ ਕਾਰਨ ਹੁੰਦੀ ਹੈ ਜੋ ਇਨਸੁਲਿਨ ਦੇ ਉਤਪਾਦਨ ਨੂੰ ਰੋਕਦੇ ਹਨ।

ਗਰਭਕਾਲੀ ਸ਼ੂਗਰ ਦੇ ਲੱਛਣ:

ਗਰਭਕਾਲੀ ਸ਼ੂਗਰ ਵਿੱਚ ਆਮ ਤੌਰ ‘ਤੇ ਕੋਈ ਲੱਛਣ ਨਹੀਂ ਹੁੰਦੇ ਹਨ। ਇਸ ਕਿਸਮ ਦੀ ਸ਼ੂਗਰ ਦਾ ਪਤਾ ਆਮ ਤੌਰ ‘ਤੇ ਰੁਟੀਨ ਬਲੱਡ ਸ਼ੂਗਰ ਟੈਸਟ ਜਾਂ ਓਰਲ ਗਲੂਕੋਜ਼ ਟੈਸਟ ਦੌਰਾਨ ਪਾਇਆ ਜਾਂਦਾ ਹੈ। ਅਜਿਹੇ ਟੈਸਟ ਗਰਭ ਅਵਸਥਾ ਦੇ 24ਵੇਂ ਅਤੇ 28ਵੇਂ ਹਫ਼ਤੇ ਵਿੱਚ ਕੀਤੇ ਜਾਂਦੇ ਹਨ। ਕੁਝ ਦੁਰਲੱਭ ਮਾਮਲਿਆਂ ਵਿੱਚ ਗਰਭਕਾਲੀ ਸ਼ੂਗਰ ਦੌਰਾਨ ਪਿਆਸ ਵਧਣ ਅਤੇ ਵਾਰ-ਵਾਰ ਪਿਸ਼ਾਬ ਆਉਣ ਦੇ ਲੱਛਣ ਦੇਖੇ ਜਾ ਸਕਦੇ ਹਨ।